ਗੁਰਨਾਮ ਸਿੱਧੂ
ਫਿਰੋਜ਼ਪੁਰ 19 ਸਤੰਬਰ 2019:ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਬਲਾਕ ਪੱਧਰ ਤੇ ਪੂਰੇ ਪੰਜਾਬ ਵਿਚ ਧਰਨੇ ਤੇ ਬੈਠੇ ਨਰੇਗਾ ਮੁਲਾਜ਼ਮਾਂ ਦਾ ਸੰਘਰਸ਼ ਵੱਧ ਗਿਆ ਹੈ। ਅੱਜ ਮਗਨਰੇਗਾ ਮੁਲਾਜਮਾਂ ਦਾ ਧਰਨਾ ਬਲਾਕ ਪੱਧਰ ਤੋਂ ਪੰਜਾਬ ਦੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ 2 ਦਿਨ ਲਈ ਜ਼ਿਲ੍ਹਾ ਪੱਧਰ ਤੇ ਪਹੁੰਚ ਗਿਆ। ਜ਼ਿਲ੍ਹਾ ਪੱਧਰ ਤੇ ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਸ਼ੁਰੂ ਕੀਤੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਕੱਲ ਚੰਡੀਗੜ੍ਹ ਵਿਖੇ ਦੇਰ ਸ਼ਾਮ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਸੂਬਾ ਐਕਸ਼ਨ ਕਮੇਟੀ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਹੋਈ ਮੀਟਿੰਗ ਵਿਚ ਭਾਵੇਂ ਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਸਵਾਸ਼ ਦੁਆਇਆ ਹੈ ਕਿ ਉਹ ਤੁਹਾਡਾ ਮੁੱਦਾ ਵਿੱਤ ਮੰਤਰੀ ਨਾਲ ਵਿਚਾਰ ਰਹੇ ਹਨ, ਪਰ ਯੂਨੀਅਨ ਇਸ ਜੁਬਾਨੀ ਵਾਅਦੇ ਤੇ ਪਹਿਲਾ ਵੀ ਦਸਾਂ ਸਾਲਾਂ ਤੋਂ ਵਿਸ਼ਵਾਸ ਕਰਦੀ ਆ ਰਹੀ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੇਸ ਦੋ ਵਾਰ ਪਹਿਲਾ ਹੀ ਪ੍ਰੋਸੋਨਲ ਵਿਭਾਗ ਨੂੰ ਭੇਜਿਆ ਸੀ, ਜੋ ਕਿ ਖਜ਼ਾਨਾ ਖਾਲੀ ਜਾਂ ਕਾਨੂੰਨੀ ਅੜਿੱਕਾ ਹੋਣ ਦਾ ਬਹਾਨਾ ਬਣਾ ਕੇ ਵਾਪਸ ਭੇਜ ਦਿੱਤਾ ਗਿਆ ਹੈ। ਪੂਰੇ ਪੰਜਾਬ ਦੇ ਮੁਲਾਜ਼ਮ ਕੰਮ ਦੇ ਵਾਧੂ ਬੋਝ ਕਾਰਨ ਅਤੇ ਕੱਚੀ ਨੌਕਰੀ ਕਾਰਨ ਨੌਕਰੀ ਤੋਂ ਕੱਢ ਦਿੱਤੇ ਜਾਣ ਦੇ ਡਰ ਕਰਨ ਅੱਕੇ ਹੋਏ ਹਨ, ਰੋਜ਼ ਰੋਜ਼ ਦੇ ਹੁੰਦੇ ਸੋਸ਼ਣ ਕਾਰਨ ਪੰਜਾਬ ਭਰ ਦੇ ਨਰੇਗਾ ਮੁਲਾਜ਼ਮ ਯੂਨੀਅਨ ਨੂੰ ਆਪਣੇ ਆਪ ਨੂੰ ਮਰਨ ਵਰਤ ਲਈ ਪੇਸ਼ ਕਰ ਰਹੇ ਹਨ। ਬੱਚਿਆਂ ਦੀ ਪੜ੍ਹਾਈ, ਮਾਪਿਆਂ ਦੀ ਦਵਾਈ ਤਾਂ ਦੂਰ ਮਹਿੰਗਾਈ ਕਾਰਨ ਐਨੀ ਘੱਟ ਤਨਖਾਹ ਵਿਚ ਦੋ ਡੰਗ ਦੀ ਰੋਟੀ ਖਾਣੀ ਮੁਸ਼ਕਲ ਹੋਈ ਪਈ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਪਹਿਲਾਂ ਮਿੱਥ ਪ੍ਰੋਗਰਾਮ ਅਨੁਸਾਰ ਅੱਜ ਤੋਂ ਜ਼ਿਲ੍ਹਾ ਪੱਧਰੀ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ 20 ਸਤੰਬਰ 2019 ਨੂੰ ਵਿਸਾਲ ਰੋਸ ਮਾਰਚ ਕਰਕੇ ਸੇਵਾਵਾਂ ਰੈਗੂਲਰ ਕਰਵਾਉਣ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਤੋਂ ਸਰਕਾਰ ਨੇ ਚੋਣਾਂ ਦੌਰਾਨ ਵਾਅਦੇ ਅਨੁਸਾਰ ਕੱਚੇ ਮੁਲਾਜ਼ਮ ਪੱਕੇ ਕਰਨ ਲਈ ਤਿੰਨ ਮੰਤਰੀਆਂ ਦੀ ਕੈਬਨਿਟ ਸਬ ਕਮੇਟੀ ਵੀ ਬਣਾਈ ਸੀ, ਪਰ ਉਸ ਕਮੇਟੀ ਨੇ ਅੱਜ ਤੱਕ ਕੋਈ ਮੀਟਿੰਗ ਨਹੀਂ ਕੀਤੀ, ਅਜੇ ਤੱਕ ਕਮੇਟੀ ਕੋਲ ਤਾਂ ਕੱਚੇ ਮੁਲਾਜ਼ਮਾਂ ਦਾ ਵਿਭਾਗ ਵਾਈਜ਼ ਵੇਰਵਾ ਤੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਉਦੋਂ ਤੱਕ ਧਰਨਾ ਕਿਸੇ ਵੀ ਕੀਮਤ ਤੇ ਸਮਾਪਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਸਾਰਾ ਮਨਰੇਗਾ ਸਟਾਫ ਸ਼ਾਮਲ ਸੀ।