ਸਵੱਛਤਾ ਹੀ ਸੇਵਾ-2019 ਮੁਹਿੰਮ ਤਹਿਤ 2 ਅਕਤੂਬਰ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ-ਡਿਪਟੀ ਕਮਿਸ਼ਨਰ
ਸਮੂਹ ਵਿਭਾਗਾਂ ਦੇ ਅਧਿਕਾਰੀ ਖ਼ੁਦ ਆਪਣੇ ਹੱਥਾਂ ਨਾਲ ਸਫ਼ਾਈ ਕਰਕੇ ਕਰਨ ਸ਼੍ਰਮਦਾਨ
ਫਿਰੋਜ਼ਪੁਰ 19 ਸਤੰਬਰ 2019 ( ) ਮਹਾਤਮਾ ਗਾਂਧੀ ਜੀ ਦੇ 150 ਸਾਲਾ ਜਨਮ ਦਿਵਸ ਨੂੰ ਸਮਰਪਿਤ ਸਵੱਛਤਾ ਹੀ ਸੇਵਾ-2019 ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਵੱਲੋਂ ਵੀਰਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਨੂੰ ਪੋਲੀਥੀਨ ਮੁਕਤ ਕਰਵਾਉਣ ਸਬੰਧੀ ਕੱਪੜੇ ਦਾ ਥੈਲਾ ਵੰਡ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਜ.) ਸ੍ਰ. ਰਣਜੀਤ ਸਿੰਘ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰ. ਹਰਜਿੰਦਰ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਵੱਡੇ ਪੱਧਰ ਤੇ ਪੰਚਾਇਤ, ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ, ਜਿਸ ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀ ਖ਼ੁਦ ਆਪਣੇ ਹੱਥਾਂ ਨਾਲ ਸਫ਼ਾਈ ਕਰਕੇ ਸ਼੍ਰਮਦਾਨ ਕਰਨਗੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 1 ਅਕਤੂਬਰ ਤੱਕ ਆਪਣੇ-ਆਪਣੇ ਵਿਭਾਗ ਵਿੱਚ ਸਵੱਛਤਾ ਹੀ ਸੇਵਾ ਸਬੰਧੀ ਗਤੀਵਿਧੀਆਂ ਕਰਕੇ ਦੇਸ਼ ਨੂੰ ਪਲਾਸਟਿਕ ਮੁਕਤ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ, ਸ਼ਹਿਰਾਂ ਤੇ ਚੌਂਕਾਂ ਵਿੱਚ ਜੋ ਵੀ ਪਲਾਸਟਿਕ ਪਿਆ ਹੈ ਉਨ੍ਹਾਂ ਨੂੰ ਜਲਦੀ ਖ਼ਤਮ ਕਰਕੇ ਉਸ ਦਾ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗ ਪਲਾਸਟਿਕ ਮੁਕਤ ਭਾਰਤ ਦੀ ਸਥਾਪਨਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਤੇ ਆਪਣੇ-ਆਪਣੇ ਦਫ਼ਤਰਾਂ ਵਿੱਚ ਪਲਾਸਟਿਕ ਕੈਰੀ ਅਤੇ ਡਿਸਪੋਜ਼ਲ ਦੀ ਵਰਤੋਂ ਤੁਰੰਤ ਬੰਦ ਕਰਨ। ਇਸ ਉਪਰੰਤ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸ੍ਰ. ਸੁਖਪਾਲ ਸਿੰਘ ਨੇ ਕਿਹਾ ਕਿ ਪੋਲੀਥੀਨ ਹਟਾ ਕੇ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ, ਇਸ ਲਈ ਸਾਡੇ ਸਾਰਿਆਂ ਵੱਲੋਂ ਪਲਾਸਟਿਕ ਕੈਰੀ ਬੈਗ ਦੀ ਥਾਂ ਕੱਪੜੇ ਦੇ ਬਣੇ ਥੈਲੇ ਹੀ ਵਰਤਣੇ ਚਾਹੀਦੇ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਕੁਲਵੰਤ ਕੌਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਕੁਲਵੰਤ ਸਿੰਘ, ਐਕਸੀਅਨ ਵਾਟਰ ਸਪਲਾਈ ਰਾਜਵਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ ਅਤੇ ਸ੍ਰੀ. ਅਨਿਰੁੱਧ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਐੱਮ.ਸੀ ਵੀ ਹਾਜ਼ਰ ਸਨ।