ਜ਼ੀਰਾ, ਮੱਖੂ ਅਤੇ ਫਿਰੋਜ਼ਪੁਰ ਵਿਚ ਤਿੰਨ ਲੈਬਾਰਟੀਆਂ ਅਤੇ ਜ਼ੀਰਾ ਵਿਚ ਦੋ ਲੱਗਣਗੀਆਂ ਡਾਇਲਸਿਸ ਮਸ਼ੀਨਾਂ
ਗੁਰਨਾਮ ਸਿੱਧੂ
ਫਿਰੋਜ਼ਪੁਰ 08 ਅਕਤੂਬਰ 2019: ਮਾਨਵਤਾ ਦੀ ਭਲਾਈ ਲਈ ਕੰਮ ਰਹੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸਪੀ ਸਿੰਘ ਓਬਰਾਏ ਨੇ ਐਲਾਨ ਕੀਤਾ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਹੁਣ ਲੋੜਵੰਦ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਬੀਤੇ ਦਿਨੀਂ ਡਾ. ਓਬਰਾਏ ਸੰਸਥਾ ਵੱਲੋਂ ਸ਼ੁਰੂ ਕੀਤੇ ਹੋਏ ਵੱਖ ਵੱਖ ਲੋਕ ਭਲਾਈ ਕਾਰਜ਼ਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਫਿਰੋਜ਼ਪੁਰ ਵਿਚ ਆਏ ਸਨ, ਜਿੱਥੇ ਉਨ੍ਹਾਂ ਦਾ ਮੱਖੂ ਪੁੱਜਣ ਤੇ ਸੰਸਥਾ ਨਾਲ ਜੁੜੇ ਵਲੰਟੀਅਰਾਂ, ਰਾਜਨੀਤਕ ਆਗੂਆਂ ਅਤੇ ਮੱਖੂ ਨਿਵਾਸੀਆਂ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਇੱਥੇ ਕੰਪਿਊਟਰ ਸਿਖਲਾਈ ਸੈਂਟਰ ਦੇ ਪਹਿਲੇ ਬੈਚ ਅਤੇ ਸਿਲਾਈ ਸੈਂਟਰ ਦੇ ਚੌਥੇ ਬੈਚ ਦਾ ਉਦਘਾਟਨ ਕੀਤਾ। ਉਨ੍ਹਾਂ ਵੱਲੋਂ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਵੀ ਵੰਡੇ। ਆਪਣੇ ਸੰਬੋਧਨ ਵਿਚ ਉਨ੍ਹਾਂ ਸੰਸਥਾ ਦੀ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ ਤੇ ਅੱਗੇ ਤੋਂ ਹੋਰ ਜਿਆਦਾ ਮਿਹਨਤ ਕਰਨ ਲਈ ਟੀਮ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਤਲੁੱਜ ਦਰਿਆ ਵਿਚ ਆਏ ਹੜ੍ਹਾਂ ਕਰਨ ਪੰਜਾਬ ਦੇ ਜਲੰਧਰ, ਮੋਗਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਦੇ ਦਰਿਆ ਨਾਲ ਲੱਗਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਸਰਬੱਤ ਦਾ ਭਲਾ ਦੀਆਂ ਟੀਮਾਂ ਨੇ 10-10 ਫੁੱਟ ਡੂੰਘੇ ਪਾਣੀਆਂ ਵਿੱਚ ਪੁੱਜ ਕੇ ਪਾਣੀ ਵਿਚ ਫਸੇ ਲੋਕਾਂ ਨੂੰ ਦਵਾਈਆਂ, ਰਾਸ਼ਨ, ਮੱਛਰਦਾਨੀਆਂ, ਤਰਪਾਲਾਂ, ਸੁੱਕਾ ਦੁੱਧ , ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਪੁੱਜਦੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਉਸਤੋਂ ਬਾਅਦ ਸੰਸਥਾ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇ ਕਰਵਾਇਆ ਗਿਆ ਸੀ ਤੇ ਪਸ਼ੂਆ ਲਈ ਮਾਰਕਫੈੱਡ ਦੇ 2000 ਗੱਟੇ ਪਸ਼ੂ ਖੁਰਾਕ ਵੀ ਵੰਡੇ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਰਮ ਕੰਬਲ ਵੀ ਵੰਡੇ ਜਾਣਗੇ ਅਤੇ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਪੁੱਜਿਆ ਹੈ ਉਨ੍ਹਾਂ ਨੂੰ ਦਸ ਦਸ ਹਜਾਰ ਅਤੇ ਪੰਜ ਪੰਜ ਹਜ਼ਾਰ ਦੀ ਰਕਮ ਪ੍ਰਤੀ ਘਰ ਸਹਾਇਤਾ ਵਜੋਂ ਦਿੱਤੀ ਜਾਵੇਗੀ । ਇਸ ਮੌਕੇ ਉਨ੍ਹਾਂ ਸਾਬਕਾ ਸਿਹਤ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਮੰਗ ਤੇ ਜ਼ੀਰਾ ਵਿੱਚ ਦੋ ਡਾਇਲਸਿਸ ਮਸ਼ੀਨਾਂ ਲਗਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਜਲਦੀ ਹੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਤਿੰਨ ਲੈਬ ਅਤੇ ਡਾਇਗਨੋ ਸੈਂਟਰ ਵੀ ਖੋਲਣ ਦੀ ਗੱਲ ਕਹੀ, ਜਿੱਥੇ ਮਾਮੂਲੀ ਖਰਚ ਤੇ ਲੋੜਵੰਦ ਆਪਣਾ ਟੈਸਟ ਕਰਵਾ ਸਕਦੇ ਹਨ। ਇਸ ਤੋਂ ਬਾਅਦ ਡਾ. ਓਬਰਾਏ ਸਰਕਾਰੀ ਹਾਈ ਸਕੂਲ ਲਹਿਰਾ ਰੋਹੀ ਪੁੱਜੇ ਜਿੱਥੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੱਦਦ ਕਰੇ ਤਾਂ ਉਹ ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਭਲਾਈ ਲਈ ਬਹੁਤ ਕੁੱਝ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਕਚਹਿਰੀ ਅੰਦਰ ਤਿੰਨ ਹੋਰ ਨਵੇਂ ਆਰ ਲਗਾਉਣ ਦੀ ਵੀ ਗੱਲ ਕਹੀ, ਜਿਸ ਨਾਲ ਕਚਹਿਰੀਆਂ ਵਿਚ ਆਏ ਪੰਜ ਹਜ਼ਾਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲਗਾ, ਜਦਕਿ ਇਕ ਆਰ ਪਹਿਲਾਂ ਹੀ ਕਚਹਿਰੀਆਂ ਵਿਚ ਲਗਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਿੰਦਰਪਾਲ ਸਿੰਘ ਹਾਂਡਾ ਨੇ ਵੀ ਡਾ. ਓਬਰਾਏ ਦਾ ਇੱਥੇ ਪੁੱਜਣÎ ਤੇ ਧੰਨਵਾਦ ਕੀਤਾ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਵਿਚ ਪੂਰਾ ਸਹਿਯੋਗ ਦੇਣ ਦੀ ਗੱਲ ਵੀ ਕੀਤੀ। ਇਸ ਤੋਂ ਬਾਅਦ ਡਾ. ਓਬਰਾਏ ਪਿੰਡ ਬਾਰੇ ਕੇ ਪੁੱਜੇ ਜਿੱਥੇ ਉਨ੍ਹਾਂ ਵੱਲੋਂ ਲਗਭਗ 500 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਪਸ਼ੂ ਖੁਰਾਕ ਵੀ ਵੰਡੀ। ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਜਨਰਲ ਸਕੱਤਰ ਸੰਦੀਪ ਖੁੱਲਰ, ਇਸਤਰੀ ਵਿੰਗ ਪ੍ਰਧਾਨ ਸ੍ਰੀਮਤੀ ਅਮਰਜੀਤ ਕੌਰ ਛਾਬੜਾ, ਬਲਜਿੰਦਰ ਸਿੰਘ ਰੂਪਰਾਏ, ਬਹਾਦਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਘੜਿਆਲ, ਨਰਿੰਦਰ ਬੇਰੀ, ਦਵਿੰਦਰ ਸਿੰਘ ਛਾਬੜਾ, ਭਜਨ ਪੇਂਟਰ, ਵਿਜੇ ਕੁਮਾਰ ਬਹਿਲ, ਰਮਿੰਦਰ ਸਿੰਘ ਬਿੱਟਾ, ਭਜਨ ਪੇਂਟਰ, ਸਿਮਰਜੀਤ ਸਿੰਘ ਮਾਨ, ਜਗਵੰਤ ਸਿੰਘ ਮੱਲੀ, ਲਵਲੀ ਕਲਸੀ, ਬਿੱਟੂ ਗਾਬਾ, ਸੁਖਦੇਵ ਸਿੰਘ ਮੱਦਕੀ, ਹਰਪ੍ਰੀਤ ਸਿੰਘ ਕੈਥ, ਲਖਵਿੰਦਰ ਸਿੰੰਘ ਪੰਨੂੰ ਕਰਮੂਵਾਲਾ, ਬਲਵਿੰਦਰ ਪਾਲ ਸ਼ਰਮਾ, ਪਰੇਮ ਰਾਜਨ ਜੋਸ਼ੀ, ਧਰਮ ਪਾਲ ਸਚਦੇਵਾ, ਤਲਵਿੰਦਰ ਕੌਰ, ਵਿਪਰ ਬੰਧੂ , ਪਰੇਮ ਸ਼ਰਮਾ ਸਮੇਤ ਸੰਸਥਾ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।