ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕੀਤਾ ਸੀ ਉਦਘਾਟਨ
ਨਵੇਂ 'ਪੇਰੇਂਟ ਰੈਜੀਡੈਂਸ ਵੀਜ਼ਾ' ਨੂੰ ਲੈ ਕੇ ਹੋਇਆ ਵਿਰੋਧ ਪ੍ਰਦਰਸ਼ਨ ਵੀ
ਔਕਲੈਂਡ 13 ਅਕਤੂਬਰ 2019 (ਹਰਜਿੰਦਰ ਸਿੰਘ ਬਸਿਆਲਾ)- ਔਕਲੈਂਡ ਕੌਂਸਿਲ ਵੱਲੋਂ ਅੱਜ 18ਵਾਂ ਦੋ ਦਿਨਾਂ ਦਿਵਾਲੀ ਮੇਲਾ ਗੀਤ-ਸੰਗੀਤ ਅਤੇ ਭਾਰਤੀ ਖਾਣੇ ਦੀਆਂ ਮਹਿਕਾਂ ਬਿਖੇਰਦਾ ਖੁਸ਼ੀ-ਖੁਸ਼ੀ ਖਤਮ ਹੋ ਗਿਆ। ਘਰਦਿਆਂ ਤੋਂ ਸੱਤ ਸਮੁੰਦਦਰ ਪਾਰ ਵਸਦੇ ਭਾਰਤੀ ਭਾਈਚਾਰੇ ਲਈ ਇਹ ਮੇਲਾ ਹਾਸਾ-ਖੇਲਾ ਕਰਨ ਦਾ ਇਕ ਵਧੀਆ ਤਿਉਹਾਰ ਬਣ ਗਿਆ ਹੈ। ਭਾਵੇਂ ਲੋਕ ਇਸਦੇ ਅਮੀਰ ਇਤਿਹਾਸਕ ਪੱਖ ਉਤੇ ਐਨੀ ਤਵੱਜੋਂ ਨਹੀਂ ਦਿੰਦੇ ਪਰ ਫਿਰ ਵੀ ਇਸਦੀ ਉਡੀਕ ਹਰ ਸਾਲ ਬਣੀ ਰਹਿੰਦੀ ਹੈ। ਲੱਖਾਂ ਡਾਲਰ ਦਾ ਖਰਚਾ ਅਤੇ ਹੋਰ ਬਿਜ਼ਨਸ ਇਸ ਮੌਕੇ ਹੋ ਜਾਂਦਾ ਹੈ। ਬੀਤੇ ਕੱਲ੍ਹ ਇਸ ਦੀਵਾਲੀ ਮੇਲੇ ਦਾ ਉਦਘਾਟਨ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਜੋਤ ਜਗਾ ਕੇ ਕੀਤਾ ਗਿਆ। ਪੰਡਤ ਜੀ ਨੇ ਆਏ ਮਹਿਮਾਨਾਂ ਦੇ ਮੱਥੇ ਉਤੇ ਟਿੱਕੇ ਲਗਾਏ।
ਭਾਰਤੀ ਪਹਿਰਾਵੇ ਵਿਚ ਪਹੁੰਚੀ ਪ੍ਰਧਾਨ ਮੰਤਰੀ ਸਾਹਿਬਾ ਨੇ ਉਨ੍ਹਾਂ ਨੇ ਮੇਲੇ ਦੀ ਸ਼ੁਰੂਆਤ ਲਈ ਆਪਣਾ ਭਾਸ਼ਣ ਸ਼ੁਰੂ ਹੀ ਕੀਤਾ ਸੀ ਕਿ ਪ੍ਰਵਾਸੀ ਲੋਕਾਂ ਵੱਲੋਂ ਨਵੀਂ 'ਪੇਰੇਂਟ ਰੈਜੀਡੈਂਸ ਵੀਜ਼ਾ' ਸ਼੍ਰੇਣੀ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਹ ਵਿਰੋਧ ਮਾਈਗ੍ਰਾਂਟ ਐਸੋਸੀਏਸ਼ਨ ਵੱਲੋਂ ਉਲੀਕਿਆ ਗਿਆ ਸੀ। ਸ਼ਾਇਦ ਸੁਰੱਖਿਆ ਦੇ ਮੱਦੇ ਨਜ਼ਰ ਉਨ੍ਹਾਂ ਨੇ ਉਥੋਂ ਜਲਦੀ ਜਾਣ ਵਿਚ ਭਲਾਈ ਸਮਝੀ। ਇਸ ਮੌਕੇ ਭਾਰਤੀ ਹਾਈ ਕਮਿਸ਼ਨ ਸ੍ਰੀ ਮੁਕਤੇਸ਼ ਪਰਦੇਸ਼ੀ, ਆਨਰੇਰੀ ਕੌਂਸਿਲ ਸ. ਭਵਦੀਪ ਸਿੰਘ ਢਿੱਲੋਂ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਸਮੇਤ, ਨੈਸ਼ਨਲ ਪਾਰਟੀ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਸਾਇਮਨ ਬ੍ਰਿਜਸ, ਮੇਅਰ ਫਿੱਲ ਗੌਫ, ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਪੰਜਾਬੀ ਤੇ ਹਿੰਦੀ ਮੀਡੀਆ ਕਰਮੀ ਹਾਜ਼ਿਰ ਸਨ। ਕੂਈਨਜ਼ ਸਟ੍ਰੀਟ ਅਤੇ ਓਟੀਆ ਸੁਕੇਅਰ ਉਤੇ ਪੂਰੇ ਦੋ ਦਿਨ ਰੌਣਕ ਰਹੀ। ਇਸਵਾਰ ਤਿੰਨ ਵੱਖ-ਵੱਖ ਸਟੇਜਾਂ ਸਨ ਅਤੇ ਪਹਿਲੀ ਵਾਰ ਵੱਡੀ ਸਕਰੀਨ ਦਾ ਪ੍ਰਬੰਧ ਵੀ ਕੀਤਾ ਗਿਆ। ਸੀ। ਭਾਰਤੀ ਨ੍ਰਿਤਾਂ ਦੀ ਲੜੀ, ਗਿੱਧਾ, ਭੰਗੜਾ ਅਤੇ ਪੁਲਿਸ ਦਾ ਭੰਗੜਾ ਖਾਸਾ ਖਿੱਚ ਦਾ ਕੇਂਦਰ ਰਿਹਾ। ਰੇਡੀਓ ਸਪਾਈਸ ਟੀਮ, ਵੋਮੈਨ ਕੇਅਰ ਟ੍ਰਸਟ, ਆਜਾ ਨੱਚੀਏ, ਪੰਜਾਬੀ ਕਲਚਰਲ, ਪੰਜਾਬੀ ਹੈਰੀਟੇਜ, ਵਿਰਸਾ ਅਕੈਡਮੀ, ਨਿਊਜ਼ੀਲੈਂਡ ਸਿੱਖ ਵੋਮੈਨ ਵੱਲੋਂ ਤ੍ਰਿੰਝਣ, ਦੀ ਇਸ ਮੇਲੇ ਦੇ ਪ੍ਰਮੁੱਖ ਸਪਾਂਸਰ ਹਾਰਕੋਰਟਸ ਰੀਅਲ ਇਸਟੇਟ ਵਾਲੇ ਸਨ ਅਤੇ ਡਿਜ਼ੀਟਲ ਰੰਗੋਲੀ ਦੇ ਰਾਹੀਂ 500 ਡਾਲਰ ਦਾ ਇਨਾਮ ਵੀ ਕੱਢਿਆ ਗਿਆ। ਇੰਡੀਅਨ ਵੀਕ ਐਂਡਰ ਅਖਬਾਰ ਵੱਲੋਂ ਇਸ ਮੌਕੇ ਮਿਸਟਰ ਐਂਡ ਮਿਸਜ਼ ਔਕਲੈਂਡ ਦਿਵਾਲੀ-2019 ਦੇ ਮੁਕਾਬਲੇ ਹੋਏ। ਰੋਇਲ ਇਨਫੀਲਡ ਕੰਪਨੀ ਵੱਲੋਂ ਕਲਾਸਿਕ 350 ਮੋਟਰ ਸਾਈਕਲ ਇਨਾਮ ਵਿਚ ਕੱਢਿਆ ਗਿਆ। ਇਸ ਮੌਕੇ ਬਲੈਕ ਕੈਪ ਦੀ ਟੀਮ ਵੀ ਸ਼ਾਮਿਲ ਹੋਈ। ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੇ 125 ਸਾਲਾਂ ਦੇ ਇਤਿਹਾਸ ਨੂੰ ਦਰਸਾਉਂਦੀ ਇਕ ਚਿੱਤਰ ਪ੍ਰਦਰਸ਼ਨੀ ਵੀ ਇਸ ਮੌਕੇ ਵਿਖਾਈ ਗਈ। ਅੱਜ ਰਾਤ 8.50 ਮਿੰਟ ਉਤੇ ਸੁੰਦਰ ਆਤਿਸ਼ਬਾਜੀ ਅਤੇ ਪਟਾਖਿਆਂ ਦਾ ਨਜ਼ਾਰਾ ਵੀ ਵੇਖਣ ਨੂੰ ਮਿਲਿਆ।