19 ਮੈਡਲ ਜਿੱਤ ਕੇ ਕੀਤਾ ਸਕੂਲ ਦਾ ਨਾਮ ਰੌਸ਼ਨ
ਗੁਰਨਾਮ ਸਿੱਧੂ
ਫਿਰੋਜ਼ਪੁਰ 14 ਅਕਤੂਬਰ 2019: ਹਿੰਮਤ ਲਗਨ ਅਤੇ ਆਤਮ ਵਿਸ਼ਵਾਸ ਨਾਲ ਕਿਸੇ ਵੀ ਖੇਤਰ ਵਿਚ ਮਿਹਨਤ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਮਿਲਦੇ ਹਨ ਅਜਿਹਾ ਹੀ ਜਜ਼ਬਾ ਰੱਖਦੇ ਹੋਏ ਬਿਨਾ ਖੇਡ ਅਧਿਆਪਕ ਅਤੇ ਖੇਡ ਦੇ ਮੈਦਾਨ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਵਿਦਿਆਰਥੀਆਂ ਨੇ ਜ਼ੋਨਲ ਪੱਧਰ ਤੇ ਖੇਡ ਮੁਕਾਬਲੇ ਜੋ ਸਥਾਨਕ ਦਾਸ ਐਂਡ ਬ੍ਰਾਂਉਨ ਸਕੂਲ ਵਿਚ ਆਯੋਜਿਤ ਕੀਤੇ ਗਏ ਤੇ ਵੱਖ ਵੱਖ ਈਵੈਂਟ ਵਿਚ 19 ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਰੋਪੜ ਵਿਚ ਆਯੋਜਿਤ ਸਟੇਟ ਪੱਧਰੀ ਕਬੱਡੀ ਮੁਕਾਬਲੇ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਕਾਂਸੇ ਦਾ ਮੈਡਲ ਜਿੱਤ ਕੇ ਰਾਜ ਪੱਧਰ ਤੇ ਤੀਜਾ ਸਥਾਨ ਹਾਸਲ ਕਰਕੇ ਵਿਲੱਖਣ ਪ੍ਰਾਪਤੀ ਕੀਤੀ ਹੈ। ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਸਮੁੱਚੇ ਸਟਾਫ ਨੇ ਇਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਇਨ੍ਹਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਅਤੇ ਖੇਡ ਵਿਭਾਗ ਦੇ ਕਬੱਡੀ ਕੋਚ ਸ੍ਰੀਮਤੀ ਅਵਤਾਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਹ ਬੱਚੇ ਖੇਡਾਂ ਦੇ ਖੇਤਰ ਵਿਚ ਥੋੜ੍ਹੇ ਸਮੇਂ ਵਿਚ ਹੀ ਵੱਡੀਆਂ ਮੱਲਾ ਮਾਰ ਰਹੇ ਹਨ। ਸਰਹੱਦੀ ਖੇਤਰ ਦੇ ਇਸ ਪਿੱਛੜੇ ਇਲਾਕੇ ਵਿਚ ਕੁਝ ਸਮਾਂ ਪਹਿਲਾਂ ਲੜਕੀਆਂ ਨੂੰ ਸਕੂਲ ਭੇਜਣਾ ਵੀ ਠੀਕ ਨਹੀਂ ਸਮਝਦੇ ਸਨ ਅੱਜ ਉਹ ਹੀ ਲੜਕੀਆਂ ਸਟੇਟ ਪੱਧਰ ਤੇ ਕਬੱਡੀ ਖੇਡ ਵਿਚ ਮੱਲਾਂ ਮਾਰ ਰਹੀਆਂ ਹਨ ਜੋ ਕੀ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਹਰ ਸੰਭਵ ਸਹੁਲਤ ਪ੍ਰਦਾਨ ਕੀਤੀ ਜਾਵੇਗੀ। ਇੰਚਾਰਜ ਅਧਿਆਪਕ ਬਲਜੀਤ ਕੌਰ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਜ਼ੋਨ ਪੱਧਰੀ ਖੇਡਾਂ ਦੇ ਵਿਚ 300 ਮੀਟਰ, 400 ਮੀਟਰ, 3000 ਮੀਟਰ ਤੋਂ ਇਲਾਵਾ ਸ਼ਾਟਪੁੱਟ ਅਤੇ ਜੈਵਲਿਨ ਥ੍ਰੋ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨੇ ਦੇ 9 ਚਾਂਦੀ ਦੇ ਅਤੇ 4 ਕਾਂਸੇ ਦੇ ਮੈਡਲ ਜਿੱਤੇ। ਇਸ ਮੌਕੇ ਅਵਤਾਰ ਕੌਰ ਕਬੱਡੀ ਕੋਚ ਅਤੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ, ਦਵਿੰਦਰ ਕੁਮਾਰ, ਅਰੁਣ ਕੁਮਾਰ, ਪਰਮਿੰਦਰ ਸਿੰਘ ਸੋਢੀ, ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ,ਅਮਰਜੀਤ ਕੌਰ ਸੂਚੀ ਜੈਨ, ਬਲਜੀਤ ਕੌਰ, ਪ੍ਰਵੀਨ ਬਾਲਾ, ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।