ਰਿਚਮੰਡ, 16 ਅਕਤੂਬਰ, 2019 : ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦਵਾਰਾ ਨਾਨਕ ਨਿਵਾਸ ਰਿਚਮੰਡ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਵਾਤਾਵਰਨ, ਮਨੁੱਖੀ ਹੱਕਾਂ, ਨਸਲਵਾਦ ਅਤੇ ਬਹੁ-ਸੱਭਿਆਚਾਰਕ ਵਰਗੇ ਮਸਲਿਆਂ ਵਿਚ ਨੌਜਵਾਨਾਂ ਦੀ ਦਿਲਚਸਪੀ ਵਧਾਉਣ ਅਤੇ ਇਨ੍ਹਾਂ ਮਸਲਿਆਂ ਪ੍ਰਤੀ ਬੱਚਿਆਂ ਅਤੇ ਨੌਜਵਾਨਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।
ਇਸ ਸਿਲਸਲੇ ਤਹਿਤ ਹਰ ਹਫਤੇ ਵਿਚ ਘੱਟੋ ਘੱਟ ਦੋ ਜਾਂ ਤਿੰਨ ਗਰੁਪ ਗੁਰਦੁਆਰਾ ਨਾਨਕ ਨਿਵਾਸ, ਨੰਬਰ 5 ਰੋਡ, ਰਿਚਮੰਡ ਵਿਖੇ ਨਤਮਸਤਕ ਹੋਣ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਉਂਦੇ ਹਨ। ਪਿਛਲੇ ਦਿਨੀਂ ਵੈਸਟ ਵੈਨਕੂਵਰ ਦੇ ਨੇੜਲੇ ਟਾਪੂ ਬੋਵਨ ਆਈਲੈਂਡ ਦੇ ਆਈਲੈਂਡ ਪੈਸੇਫਿਕ ਸਕੂਲ ਤੋਂ ਗਰੇਡ ਏਟ ਦੇ 20 ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਗੁਰਦੁਆਰਾ ਸਾਹਿਬ ਪਹੁੰਚੇ।ਇਸ ਟਰਿੱਪ ਦਾ ਮੰਤਵ ਬੱਚਿਆਂ ਨੂੰ ਦੁਨੀਆਂ ਦੇ ਵੱਖ ਵੱਖ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਵਾਉਣਾ ਸੀ।
ਗਰੁੱਪ ਦੇ ਪ੍ਰਬੰਧਕੀ ਅਧਿਆਪਕ ਏਡਰੀਆਨ ਜੂਡ ਨੇ ਆਖਿਆ ਕਿ ਦੁਨੀਆਂ ਨੂੰ ਸਮਝਣ ਲਈ ਵੱਖ ਵੱਖ ਧਰਮਾਂ ਬਾਰੇ ਜਾਣਕਾਰੀ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਇਸ ਟਰਿੱਪ ਦੌਰਾਨ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੋਰ ਵੀ ਧਾਰਮਿਕ ਸਥਾਨਾਂ ਵਿਚ ਜਾ ਕੇ ਉਹਨਾਂ ਧਰਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਉਹਨਾਂ ਨੇ ਸਿੱਖ ਧਰਮ ਅਤੇ ਇੰਡੋ-ਕੈਨੇਡੀਅਨ ਕਮਿਊਨਿਟੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਕੁਝ ਸਵਾਲ ਵੀ ਕੀਤੇ। ਅਧਿਆਪਕ ਏਡਰੀਆਨ ਜੂਡ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।