ਦਾਖਾ, 18 ਅਕਤੂਬਰ 2019 - ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਵਲੋਂ ਚੋਣ ਲੜ ਰਹੇ ਕੈਪਟਨ ਸੰਧੂ ਦੇ ਚੋਣ ਪ੍ਰਚਾਰ ਨੂੰ ਹਲਕੇ ਦੇ ਸਮੂਹ ਪਿੰਡਾਂ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਵੋਟਰ ਪਿਛਲੀਆਂ ਗਲਤੀਆਂ ਨੂੰ ਇਸ ਵਾਰ ਨਾ ਦੁਹਰਾਉਣ ਦੇ ਅਕੀਦੇ ਨਾਲ ਅਤੇ ਝੂਠੇ ਲਾਰੇ ਲਾਉਣ ਵਾਲੇ ਉਮੀਦਵਾਰਾ ਨੂੰ ਸਬਕ ਸਿਖਾਉਣ ਲਈ 21 ਅਕਤੂਬਰ ਦੀ ਉਡੀਕ ਕਰ ਰਹੇ ਹਨ।
ਕੈਪਟਨ ਸੰਦੀਪ ਸੰਧੂ ਦੀ ਚੋਣ ਮੁਹਿੰਮ ਵਿੱਚ ਉਤਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਕੇ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ। ਇਸ ਵਿਚ ਕੈਪਟਨ ਸੰਦੀਪ ਸੰਧੂ ਦੇ ਪਰਿਵਾਰਕ ਮੈਬਰਾਂ ਦੇ ਨਾਲ ਨਾਲ ਉਨ੍ਹਾਂ ਦੇ ਵੱਡੇ ਭਰਾ, ਭਰਜਾਈ ਅਤੇ ਉਨ੍ਹਾਂ ਦੇ ਬੱਚੇ ਸ਼ਾਮਲ ਸਨ।
ਅੱਜ ਉਨ੍ਹਾਂ ਦੇ ਵੱਡੇ ਭਰਾ ਕੈਪਟਨ ਨਵਜੀਤ ਸਿੰਘ ਸੰਧੂ, ਭਰਜਾਈ ਮਨਦੀਪ ਸੰਧੂ, ਭਤੀਜੀ ਸਿਹਰ ਸੰਧੂ ਅਤੇ ਕੈਪਟਨ ਸੰਦੀਪ ਸੰਧੂ ਦੀ ਪਤਨੀ ਪੁਨੀਤਾ ਸੰਧੂ ਅਤੇ ਬੇਟੀ ਨਿਹਚਲ ਸੰਧੂ ਨੇ ਪਿੰਡ ਦਾਖਾ, ਪੁੜੈਣ, ਭੂੰਦੜੀ,ਬਾਸੀਆਂ,ਚੱਕ ਕਲਾਂ, ਚੰਗਣਾ, ਭੱਟੀਆਂ, ਈਸੇਵਾਲ ਸਮੇਤ ਕਈ ਪਿੰਡਾਂ ਦਾ ਦੌਰਾ ਕਰਕੇ ਵੋਟਰਾਂ ਨੂੰ 21 ਅਕਤੂਬਰ ਨੂੰ ਕੈਪਟਨ ਸੰਧੂ ਦੇ ਹੱਕ ਵਿੱਚ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ।
ਕੈਪਟਨ ਨਵਜੀਤ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਆਰੰਭ ਕੀਤੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ ਅਤੇ ਹਲਕਾ ਦਾਖਾ ਹਲਕੇ ਦੇ ਸਰਬਪਖੀ ਵਿਕਾਸ ਲਈ ਕੈਪਟਨ ਸੰਧੂ ਵੱਲੋਂ ਉਲੀਕੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ। ਲੋਕਾਂ ਦੇ ਵਿਕਾਸ ਲਈ ਕੈਪਟਨ ਸੰਧੂ ਦੀ ਜਿੱਤ ਦਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਵਾਰ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਹਲਕੇ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਣ। ਇਸ ਮੌਕੇ ਸਰਪੰਚ ਜਤਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਵੀ ਮੌਜੂਦ ਰਹੇ।