ਮਜੀਠਾ, 18 ਅਕਤੂਬਰ 2019 - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਸਾਂਝਾ ਮੁਲਾਜ਼ਮ ਮੰਚ ਪੰਜਾਬ, ਯੂ.ਟੀ ਅਤੇ ਪੰਜਾਬ ਰਾਜ ਜ਼ਿਲ੍ਹਾ (ਡੀ.ਸੀ) ਦਫਤਰ ਕਰਮਚਾਰੀ ਯੂਨੀਅਨ ਵਲੋਂ ਲਏ ਗਏ ਫੈਸਲੇ ਅਨੁਸਾਰ ਸ਼ੁਕਰਵਾਰ ਨੂੰ ਸਮੂਹ ਪੰਜਾਬ ਵਿੱਚ ਕਈ ਵਿਭਾਗਾਂ ਵਲੋਂ ਕਲਮਛੋੜ ਹੜਤਾਲ ਕੀਤੀ ਗਈ। ਕਲਮਛੋੜ ਹੜਤਾਲ ਦੇ ਦੁਜੇ ਦਿਨ ਸਰਕਾਰੀ ਦਫਤਰਾਂ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਬਿਨ੍ਹਾਂ ਕੰਮ ਹੋਏ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ।
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਡੀਸੀ ਆਫਿਸ ਇੰਪਲਾਈਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਡੀਸੀ ਦਫਤਰ, ਜ਼ਿਲ੍ਹੇ ਦੇ ਸਮੂਹ ਐਸਡੀਐਮ ਦਫਤਰਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਮੁਲਾਜਮਾਂ ਵਲੋਂ ਕਲਮਛੋੜ ਹੜਤਾਲ ਕਰਕੇ ਕੰਮ ਮੁਕੰਮਲ ਤੌਰ ਤੇ ਠੱਪ ਰਖਿਆ ਗਿਆ। ਇਸ ਮੌਕੇ ਐਸਡੀਐਮ ਦਫਤਰ ਮਜੀਠਾ ਅਤੇ ਤਹਿਸੀਲ ਦਫਤਰ ਮਜੀਠਾ ਵਿਖੇ ਕੋਈ ਕੰਮ ਨਾ ਹੋਇਆ। ਦਫਤਰਾਂ ਵਿੱਚ ਸਾਰੇ ਮੁਲਾਜਮ ਆਪਣੀਆ ਸੀਟਾਂ ਤੇ ਮੌਜੂਦ ਸਨ, ਪ੍ਰੰਤੂ ਕੋਈ ਕੰਮ ਨਾ ਹੋਇਆ। ਲੋਕਾਂ ਨੂੰ ਬਿਨ੍ਹਾਂ ਕੰਮ ਹੋਇਆ ਖਾਲੀ ਹੱਥ ਹੀ ਵਾਪਸ ਪਰਤਨਾ ਪਿਆ।
ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਆਦਿ ਵਰਗੇ ਮੁੱਦੇ ਰੱਖੇ ਸਨ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਮੰਨ ਕੇ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਸਮੂਹ ਮੁਲਾਜ਼ਮਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਮੁਲਾਜਮਾਂ ਦੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਹੜਤਾਲ ਦੇ ਦੁਜੇ ਦਿਨ ਵੀ ਉਪ ਮੰਡਲ ਮਜੀਠਾ ਵਿਖੇ ਰਜਿਸਟਰੀਆਂ, ਡਰਾਈਵਿੰਗ ਲਾਇਸੰਸ, ਆਰ.ਸੀ. ਅਤੇ ਹੋਰ ਕੰਮ ਵੀ ਮੁਕੰਮਲ ਤੌਰ ਤੇ ਠੱਪ ਰਹੇ। ਇਸ ਮੌਕੇ ਮੇਜਰ ਸਿੰਘ ਰੀਡਰ, ਪਵਨ ਸ਼ਰਮਾ ਰੀਡਰ, ਪਰਮਜੀਤ ਸਿੰਘ ਐਮ.ਟੀ.ਸੀ., ਅਮਨਦੀਪ ਸਿੰਘ ਆਰਸੀ, ਜਸਮੀਤ ਸਿੰਘ ਸਟੈਨੋ, ਸੁਖਵਿੰਦਰ ਸਿੰਘ ਓਪਰੇਟਰ, ਮਲਿਕਾ, ਜਗਤਾਰ ਸਿੰਘ, ਹਰਜੀਤ ਸਿੰਘ, ਸੀਮਾ, ਹਰਪ੍ਰੀਤ ਸਿੰਘ, ਜੱਗਾ ਸਿੰਘ ਆਦਿ ਕਰਮਚਾਰੀ ਮੌਜੂਦ ਸਨ।