ਕਰਤਾਰਪੁਰ ਲਾਂਘਾ :ਭੰਬਲਭੂਸੇ 'ਚ ਹੈ ਸੰਗਤ : ਨਹੀਂ ਖੁੱਲ੍ਹੀ ਆਨਲਾਈਨ ਰਜਿਸਟਰੇਸ਼ਨ ,ਨਾ ਹੀ ਉਦਘਾਟਨ ਦੀ ਪੱਕੀ ਹੋਈ ਤਾਰੀਖ਼
ਆਨਲਾਈਨ ਰਜਿਸਟਰੇਸ਼ਨ ਵਾਸਤੇ ਪੋਰਟਲ ਵੀ ਨਹੀਂ ਹੋਇਆ ਚਾਲੂ
ਬਲਜੀਤ ਬੱਲੀ
ਚੰਡੀਗੜ੍ਹ, 20 ਅਕਤੂਬਰ, 2019 :
ਕਰੋੜਾ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣੇ ਕਰਤਾਰਪੁਰ ਲਾਂਘੇ ਲਈ ਆਨ ਲਾਈਨ ਰਜਿਸਟਰੇਸ਼ਨ ਅੱਜ 20 ਅਕਤੂਬਰ ਤੋਂ ਸ਼ੁਰੂ ਹੋਣ ਦੇ ਐਲਾਨ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਤਸੁਕ ਸ਼ਰਧਾਲੂਆਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ . ਨਾ ਹੀ ਇਸ ਬਾਰੇ ਭਾਰਤ ਸਰਕਾਰ ਵੱਲੋਂ ਕੋਈ ਬਾਕਾਇਦਾ ਜਾਣਕਾਰੀ ਦਿੱਤੀ ਗਈ ਕਿ ਇਹ ਆਉਣ ਲਾਈਨ ਅਰਜ਼ੀਆਂ ਕਿੱਥੇ ਤੇ ਕਿਵੇਂ ਦੇਣੀਆਂ ਹਨ ਅਤੇ ਨਾ ਹੀ ਕੋਈ ਅਜਿਹਾ ਪੋਰਟਲ ਲਭਾਈ ਜਿੱਥੇ ਕਿ ਇਹ ਅਰਜ਼ੀਆਂ ਦਾਇਰ ਕੀਤੀਆਂ ਜਾ ਸਕਣ .
20 ਅਕਤੂਬਰ ਦੀ ਇਸ ਮਿਤੀ ਦਾ ਆਈਆਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਲੈਂਡ ਪੋਰਟ ਅਥਾਰਿਟੀ ਦੇ ਮੁਖੀ ਗੋਬਿੰਦ ਮੋਹਨ ਵੱਲੋਂ 16 ਅਕਤੂਬਰ , 2019 ਨੂੰ ਡੇਰਾ ਬਾਬਾ ਨਾਨਕ ਅਤੇ ਕਾਰੀਡੋਰ ਦੇ ਦੌਰੇ ਸਮੇਂ ਕੀਤਾ ਸੀ . ਇਸ ਐਲਾਨ ਮੁਤਾਬਿਕ ਅੱਜ ਆਨ ਲਾਈਨ ਅਪਲਾਈ ਕਰਨ ਲਈ ਸ਼ਰਧਾਲੂ ਇੰਟਰਨੈੱਟ 'ਤੇ ਉਲਝੇ ਰਹੇ। ਇਸ ਲਾਂਘੇ ਵਾਸਤੇ ਰਜਿਸਟਰੇਸ਼ਨ ਲਈ ਕਿਸ ਪੋਰਟਲ ਜਾਂ ਵੈੱਬਸਾਈਟ 'ਤੇ ਅਪਲਾਈ ਕਰਨਾ ਹੈ, ਇਸ ਬਾਰੇ ਕੋਈ ਸੂਚਨਾ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ।
ਇਸ ਲਾਂਘੇ ਵਾਸਤੇ ਪੋਰਟਲ ਦੀ ਜਾਣਕਾਰੀ ਜਾਣ ਦੇ ਚਾਹਵਾਨਾਂ ਤੱਕ ਪਹੁੰਚਾਉਣ ਵਾਸਤੇ ਕੇਂਦਰ ਸਰਕਾਰ ਵੱਲੋਂ ਨਾ ਤਾਂ ਕੋਈ ਇਸ਼ਤਿਹਾਰ ਜਾਰੀ ਕੀਤਾ ਗਿਆ ਤੇ ਨਾ ਹੀ ਕਿਸੇ ਬਿਆਨ ਰਾਹੀਂ ਇਸਦੀ ਜਾਣਕਾਰੀ ਦਿੱਤੀ ਗਈ।
ਗੋਵਿੰਦ ਮੋਹਨ ਨੇ ਕਰਤਾਰਪੁਰ ਲਾਂਘੇ ਦੀ ਤਿਆਰੀ ਦੀ ਸਮੀਖਿਆ ਕਰਨ ਵੇਲੇ ਡੇਰਾ ਬਾਬਾ ਨਾਨਕ ਵਿਚ ਇਹ ਬਿਆਨ ਦਿੱਤਾ ਸੀ ਕਿ ਲਾਂਘੇ ਲਈ ਰਜਿਸਟਰੇਸ਼ਨ 20 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਕ ਵਿਅਕਤੀ ਸਾਲ ਵਿਚ ਇਕ ਵਾਰ ਹੀ ਰਜਿਸਟਰੇਸ਼ਨ ਕਰਵਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੀ ਕਿ ਜੇਕਰ ਇਕ ਵਾਰ ਵਿਚ ਤੁਹਾਡੀ ਰਜਿਸਟਰੇਸ਼ਨ ਨਹੀਂ ਹੁੰਦੀ ਤਾਂ ਤੁਸੀਂ ਚਾਰ ਦਿਨ ਮਗਰੋਂ ਦੁਬਾਰਾ ਆਨ ਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹੋ।
ਬਾਬੂਸ਼ਾਹੀ ਵੱਲੋਂ ਪੰਜਾਬ ਸਰਕਾਰ ਦੇ ਆਲ੍ਹਾ ਅਫ਼ਸਰਾਂ ਤੋਂ ਵੀ ਪਤਾ ਕੀਤਾ ਗਿਆ ਪਰ ਰਾਜ ਸਰਕਾਰ ਕੋਲ ਵੀ ਇਸ ਪੋਰਟਲ ਬਾਰੇ ਜਾਂ ਓਨਲਿਨੇ ਅਰਜ਼ੀ ਦੇਣ ਦੀ ਮਿਤੀ ਬਾਰੇ ਕੋਈ ਰਸਮੀ ਅਤੇ ਲਿਖਤੀ ਜਾਣਕਾਰੀ ਅੱਜ 20 ਅਕਤੂਬਰ ਨੂੰ ਬਾਅਦ ਦੁਪਹਿਰ 2 ਵਜੇ ਤੱਕ ਨਹੀਂ ਸੀ ਪੁੱਜੀ .
ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਲਾਂਘੇ ਬਾਰੇ ਅੰਤਮ ਸਮਝੌਤੇ ਤੇ ਜੋ ਹਸਤਾਖਰ ਹੋਣੇ ਸਨ ਉਹ ਅਜੇ ਨਹੀਂ ਹੋਏ ਕਿਓਂਕਿ ਪਾਕਿਸਤਾਨ ਅਜੇ ਵੀ 20 ਡਾਲਰ ਦੀ ਫੀਸ ਲੈਣ ਤੇ ਅੜਿਆ ਹੋਇਆ ਹੈ .ਜਿੰਨਾ ਚਿਰ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਲਿਖਤੀ ਰੂਪ ਵਿਚ ਨਹੀਂ ਹੁੰਦਾ ਉਨ੍ਹਾਂ ਚਿਰ ਭਾਰਤ ਸਰਕਾਰ ਲਾਂਘੇ ਲਈ ਤਿਆਰ ਕੀਤਾ ਪੋਰਟ ਨਹੀਂ ਕਰੇਗੀ ਅਤੇ ਅਰਜ਼ੀਆਂ ਲੈਣ ਦੀ ਤਾਰੀਖ਼ ਦਾ ਅੱਗੇ ਪੈਣਾ ਸੁਭਾਵਿਕ ਹੈ .
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਿੱਥੇ ਆਨ ਲਾਈਨ ਰਜਿਸਟਰੇਸ਼ਨ ਦੀ ਜਾਣਕਾਰੀ ਉਪਲਬਧ ਨਹੀਂ ਹੈ, ਉੱਥੇ ਹੀ ਲਾਂਘੇ ਦੇ ਉਦਘਾਟਨ ਨੂੰ ਲੈ ਕੇ ਵੀ ਉਲਝਣੀ ਬਣੀ ਹੋਈ ਹੈ। ਉਲਝਣ ਤਾਣੀ ਗ਼ੈਰਰਸਮੀ ਤੌਰ ਤੇ ਪੰਜਾਬ ਸਰਕਾਰ ਕੋਲ ਇਹੀ ਜਾਣਕਾਰੀ ਹੈ ਕਿ ਬਹੁਤੀ ਸੰਭਾਵਨਾ 9 ਨਵੰਬਰ ਦੀ ਹੈ ਪਰ ਅਜੇ ਤੱਕ ਪੱਕੀ ਅਤੇ ਲਿਖਤੀ ਸੂਚਨਾ ਕੇਂਦਰ ਵੱਲੋਂ ਭੇਜੇ ਜਾਂ ਦੀ ਕੋਈ ਸੂਚਨਾ ਨਹੀਂ . ਵੱਖ ਵੱਖ ਧਿਰਾਂ ਵੱਲੋਂ ਉਦਘਾਟਨ ਦੀਆਂ ਤਰੀਕਾਂ ਦੇ ਵੱਖ ਵੱਖ ਐਲਾਨ ਕੀਤੇ ਗਏ ਹਨ। ਕਿਸੇ ਨੇ 8 ਤਾਂ ਕਿਸੇ ਨੇ 9 ਨਵੰਬਰ ਦੀ ਤਾਰੀਖ਼ ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਵਾਸਤੇ ਐਲਾਨੀ ਹੈ ਪਰ ਹਾਲੇ ਤੱਕ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ।
ਇਸ ਲਾਂਘੇ 'ਤੇ ਦੋਹਾਂ ਮੁਲਕਾਂ ਅਤੇ ਭਾਰਤ ਦੇ ਸਿਆਸਤਦਾਨਾਂ ਵਿਚਕਾਰ ਰਾਜਨੀਤੀ ਵੀ ਬਥੇਰੀ ਹੋਈ .
ਇਹ ਵੀ ਹੋ ਸਕਦੈ ਕਿ 21 ਅਕਤੂਬਰ ਨੂੰ ਹੋ ਅਸੈਂਬਲੀ ਚੋਣਾਂ ਕਰਕੇ ਕਰਤਾਰਪੁਰ ਬਾਰੇ ਇਹ ਰਸਮੀ ਪ੍ਰਕਿਰਿਆ ਵਿਚ ਦੇਰੀ ਹੋਈ ਹੋਵੇ ਪਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਤਾਂ ਇਸ ਉਡੀਕ 'ਚ ਹਨ ਕੀ ਕਦੋਂ ਅਰਜ਼ੀਆਂ ਲਈ ਖਿੜਕੀ ਖੁੱਲ੍ਹੇ ਅਤੇ ਉਹ ਅਪਲਾਈ ਕਰ ਸਕਣ .