← ਪਿਛੇ ਪਰਤੋ
ਜਗਦੀਸ਼ ਥਿੰਦ
ਫ਼ਾਜ਼ਿਲਕਾ, 22 ਅਕਤੂਬਰ ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਜਿਥੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਉਥੇ ਫ਼ਸਲਾਂ ਦਾ ਝਾੜ ਵੀ ਵੱਧ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੈਲਰ ਦੇ ਅਗਾਂਹਵਧੂ ਕਿਸਾਨ ਬਰਿੰਦਰ ਮੋਹਨ ਨਾਗਪਾਲ ਨੇ ਕੀਤਾ। ਬਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਪਿਛਲੇ 3 ਸਾਲ ਤੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਗਈ, ਜਿਸ ਤੋਂ ਉਹ ਬੇਹੱਦ ਸੰਤੁਸ਼ਟ ਹੈ ਅਤੇ ਆਪਣੀਆਂ ਫ਼ਸਲਾਂ ਤੋਂ ਚੌਖਾ ਮੁਨਾਫ਼ਾ ਲੈ ਰਿਹੈ ਹੈ। ਅਗਾਂਹਵਧੂ ਕਿਸਾਨ ਬਰਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਕੋਲ 38 ਕਿਲੇ ਆਪਣੀ ਜ਼ਮੀਨ ਹੈ ਅਤੇ 7 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਉਸਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਜਿਥੇ ਫ਼ਸਲ ਦਾ ਝਾੜ ਵੱਧ ਪ੍ਰਾਪਤ ਹੋਇਆ ਹੈ ਉਥੇ ਬੇਲੋੜੇ ਖਰਚੇ ਵੀ ਘੱਟੇ ਹਨ। ਉਸਨੇ ਦੱਸਿਆ ਕਿ ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖਦਾ ਹੈ। ਕਿਸਾਨ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਕਣਕ ਦੀ ਬਿਜਾਈ ਲਈ ਉਸ ਵੱਲੋਂ ਰੋਟਰੀ ਸਲੈਸ਼ਰ ਅਤੇ ਹੈਪੀ ਸੀਡਰ ਦੀ ਵਰਤੋਂ ਕੀਤੀ ਗਈ ਹੈ। ਪਰਾਲੀ ਨੁੰ ਅੱਗ ਨਾ ਲਾਉਣ ਦੇ ਲਾਭ ਬਾਰੇ ਦੱਸਦਿਆਂ ਕਿਸਾਨ ਨੇ ਕਿਹਾ ਕਿ ਝੋਨੇ ਦਾ ਝਾੜ ਵਧ ਕੇ 45 ਮਨ ਤੋਂ 52 ਤੋਂ 53 ਮਨ ਅਤੇ ਕਣਕ ਦਾ ਝਾੜ 50 ਮਨ ਤੋਂ ਵੱਧ ਕੇ 60 ਮਨ ਹੋ ਗਿਆ। ਉਸਨੇ ਦੱਸਿਆ ਕਿ ਝਾੜ ਦੇ ਨਾਲ-ਨਾਲ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਲੋੜ ਪੈਂਦੀ ਹੈ ਅਤੇ ਖੇਤੀ ਖਰਚਿਆਂ ਅੰਦਰ ਕਾਫ਼ੀ ਲਾਭ ਮਿਲਦਾ ਹੈ। ਅਗਾਂਹਵਧੂ ਸੋਚ ਦੇ ਮਾਲਕ ਬਰਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪਣੇ ਖੇਤ ਵਿੱਚ ਝੋਨੇ ਨੂੰ 2 ਤੋਂ ਢਾਈ ਥੈਲੇ ਯੁਰੀਆ ਤੇ 10 ਕਿਲੋ ਜਿੰਕ ਪ੍ਰਤੀ ਏਕੜ ਪਾਉਂਦਾ ਜਿਸਦੇ ਨਾਲ ਡੇਢ ਥੈਲਾ ਯੁਰੀਆ ਦੀ ਲੋੜ ਪੈਂਦੀ ਹੈ ਅਤੇ ਜਿੰਕ ਦੀ ਵਰਤੋਂ ਬਿਲਕੁਲ ਬੰਦ ਹੋ ਗਈ ਹੈ। ਇਸੇ ਤਰ੍ਹਾਂ ਕਣਕ ਨੁੰ ਪਹਿਲਾਂ ਢਾਈ ਥੈਲੇ ਯੁਰੀਆ ਅਤੇ 1 ਥੈਲਾ ਡੀ.ਏ.ਪੀ. ਪਰ ਹੁਣ 1 ਥੈਲਾ ਯੁਰੀਆ ਪਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇੰਜ ਕਰਨ ਨਾਲ ਫਸਲਾਂ ਬਹੁਤ ਵਧੀਆ ਹੁੰਦੀਆਂ ਹਨ।
Total Responses : 108