ਗੁਰਨਾਮ ਸਿੱਧੂ
ਫਿਰੋਜ਼ਪੁਰ 22 ਅਕਤੂਬਰ 2019 : ਇਸਤਰੀ ਮੁਲਾਜ਼ਮ ਤਾਲਮੇਲ ਫਿਰੋਜ਼ਪੁਰ ਦੀ ਜ਼ਿਲ੍ਹਾ ਪ੍ਰਧਾਨ ਸ਼ਵਿੰਦਰਪਾਲ ਕੌਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਹਿਨਾਜ ਨੇ ਇਕ ਸਿੱਖਿਆ ਅਧਿਕਾਰੀ ਵੱਲੋਂ ਮਹਿਲਾ ਅਧਿਆਪਕ ਨਾਲ ਕੀਤੇ ਦੁਰਵਿਹਾਰ ਦੀ ਸਖਤ ਸ਼ਬਦਾਂ ਨਾਲ ਨਿਖੇਧੀ ਕਰਦਿਆਂ ਇਸ ਅਧਿਕਾਰੀ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਇਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਮਹਿਲਾ ਅਧਿਆਪਕ ਕਿਰਨ ਬੰਗੜ ਨੇ ਦਿਨੇਸ਼ ਕੁਮਾਰ ਜ਼ਿਲ੍ਹਾ ਅਧਿਕਾਰੀ (ਐਲੀ.) ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਆਪਣੇ ਨਾਲ ਹੋਏ ਦੁਰਵਿਹਾਰ ਅਤੇ ਮਾਨਸਿਕ ਸੋਸ਼ਣ ਦੇ ਗੰਭੀਰ ਦੋਸ਼ ਲਾਏ ਹਨ, ਜਿਸ ਦੀ ਨਿਰਖੱਪ ਜਾਂਚ ਕਰਨ ਦੀ ਫਰਿਆਦ ਕੀਤੀ ਜਾ ਰਹੀ, ਪਰ ਪੰਜਾਬ ਸਰਕਾਰ ਜੋ ਬੇਟੀ ਪੜਾਓ, ਬੇਟੀ ਬਚਾਓ ਦੇ ਨਾਅਰੇ ਲਗਾ ਰਹੀ ਹੈ ਇਸ ਮਹਿਲਾ ਅਧਿਆਪਕ ਦੀ ਪੁਕਾਰ ਨੁੰ ਅਣਸੁਣਿਆ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਮਹਿਲਾ ਅਧਿਆਪਕ ਵੱਲੀ ਆਪਣੇ ਨਾਲ ਹੋਏ ਦੁਰਵਿਹਾਰ ਸਬੰਧੀ ਸਿੱਖਿਆ ਮੰਤਰੀ, ਪ੍ਰਮੁੱਖ ਸਕੱਤਰ ਸਿੱਖਿਆ ਨੂੰ ਪੱਤਰ ਲਿਖਣ ਤੋਂ ਇਲਾਵਾ ਮਹਿਲਾ ਕਮਿਸ਼ਨ ਤੱਕ ਪਹੁੰਚ ਕਰ ਚੁੱਕੀ ਹੈ, ਪਰ ਸਰਕਾਰ ਇਸ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਸਤਰੀ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਿਨੇਸ਼ ਕੁਮਾਰ ਡੀਈਓ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕਰਕੇ ਉੱਚ ਪੱਧਰੀ ਜਾਂਚ ਕੀਤੀ ਜਾਵੇ। ਇਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਮਹਿਲਾ ਅਧਿਆਪਕ ਨੂੰ ਇਨਸਾਫ ਦੁਆਇਆ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਹਿਲਾ ਅਧਿਆਪਕ ਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।