ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 22 ਅਕਤੂਬਰ 2019 - ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਲਾਡੋਵਾਲ ਸਥਿਤ ਟੋਲ ਪਲਾਜ਼ਾ ਦੇ ਨੇੜੇ ਸਤਲੁੱਜ ਦਰਿਆ ਵਿਖੇ ਕਰਵਾਏ ਜਾ ਰਿਹਾ ਹੈ, ਜੋ ਕਿ ਸਥਾਨਕ ਲੋਕਾਂ ਨੂੰ ਰੂਹਾਨੀ ਰੰਗ ਵਿੱਚ ਰੰਗਣ ਲਈ ਲਗਾਤਾਰ 2 ਦਿਨ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਏਗਾ। ਜਿਸ ਵਿੱਚ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਮਲਟੀ-ਮੀਡੀਆ ਤਕਨੀਕਾਂ ਰਾਹੀਂ ਰੂਪਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਝਾਤ ਪਾਉਂਦਾ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੋਵੇਂ ਦਿਨ ਸ਼ਾਮ 7:00 ਵਜੇ ਤੋਂ 7:45 ਵਜੇ ਤੱਕ ਅਤੇ 8:30 ਵਜੇ ਤੋਂ 9:15 ਵਜੇ ਤੱਕ ਹੋਇਆ ਕਰਨਗੇ।
ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੇ ਪਹਿਲੇ “ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ” ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ, ਜੋ ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਕਰਵਾਏ ਜਾ ਰਹੇ ਹਨ। ਸ੍ਰੀ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਅਤੇ ਵੱਧ ਤੋਂ ਵੱਧ ਲਾਭ ਲੈਣ।
ਇਸ ਸੰਬੰਧੀ ਅੱਜ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਅਮਰਜੀਤ ਸਿੰਘ ਬੈਂਸ ਨੇ ਹੋਰ ਅਧਿਕਾਰੀਆਂ ਨਾਲ ਆਯੋਜਨ ਵਾਲੇ ਸਥਾਨ ਦਾ ਦੌਰਾ ਕੀਤਾ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ।