ਜੀ ਐੱਸ ਪੰਨੂ
ਤੀਜੇ ਮਿਲਟਰੀ ਸਾਹਿਤ ਉਤਸਵ ਲਈ ਲੋਕਾਂ 'ਚ ਬਹੁਤ ਉਤਸ਼ਾਹ ਦੇਸ਼ ਦੇ ਰੱਖਿਆ ਮੰਤਰੀ ਉਦਘਾਟਨ ਮੌਕੇ ਪੁੱਜਣਗੇ
ਮੈਣ (ਪਟਿਆਲਾ), 3 ਨਵੰਬਰ 2019 - ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਸਾਂਝੇ ਉੱਦਮ ਵਜੋਂ 13, 14 ਤੇ 15 ਦਸੰਬਰ ਨੂੰ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਤੀਸਰਾ ਮਿਲਟਰੀ ਲਿਟਰੇਚਰ ਫ਼ੈਸਟੀਵਲ ਨਿਸ਼ਾਨੇਬਾਜ਼ੀ ਦੇ ਸਕੀਟ ਤੇ ਟ੍ਰੈਪ ਸ਼ੂਟਿੰਗ ਮੁਕਾਬਲਿਆਂ ਨਾਲ ਅਰੰਭ ਹੋ ਗਿਆ। ਤੀਸਰੇ ਮਿਲਟਰੀ ਸਾਹਿਤ ਉਤਸਵ ਦੀ ਲੜੀ ਤਹਿਤ ਦੂਸਰੀ ਸ਼ਾਨ ਚੈਂਪੀਅਨਸ਼ਿਪ ਦੀ ਸ਼ੁਰੂਆਤ ਨਿਊ ਮੋਤੀ ਬਾਂਗ ਗੰਨ ਕਲੱਬ ਪਿੰਡ ਮੈਣ ਵਿਖੇ ਪੰਜਾਬ ਦੇ ਰਾਜਪਾਲ ਵੀ .ਪੀ. ਸਿੰਘ ਬਦਨੌਰ ਨੇ ਸ਼ੁਰੂ ਕਰਵਾਈ। ਰਾਜਪਾਲ ਬਦਨੌਰ ਨੇ ਦੱਸਿਆ ਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੀਸਰੇ ਮਿਲਟਰੀ ਸਾਹਿਤ ਉਤਸਵ ਦੇ ਉਦਘਾਟਨੀ ਸਮਾਰੋਹਾਂ ਵਿੱਚ ਸ਼ਿਰਕਤ ਕਰਨਗੇ। ਬਦਨੌਰ ਨੇ ਦੱਸਿਆ ਕਿ ਦੇਸ਼ ਵਿੱਚ ਲਿਟਰੇਚਰ ਫ਼ੈਸਟੀਵਲ ਤਾਂ ਬਹੁਤ ਹੁੰਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਇਸ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੀ ਲੋਕਪ੍ਰਿਅਤਾ ਦੋ ਸਾਲਾਂ ਵਿੱਚ ਹੀ ਬਹੁਤ ਜ਼ਿਆਦਾ ਵਧੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸ਼ਮੂਲੀਅਤ ਪੱਖੋਂ ਜੈਪੁਰ ਵਿਖੇ ਹੋਣ ਵਾਲੇ ਲਿਟਰੇਚਰ ਫ਼ੈਸਟੀਵਲ ਤੋਂ ਬਾਅਦ ਇਸ ਦਾ ਦੋ ਸਾਲਾਂ 'ਚ ਹੀ ਦੂਸਰੇ ਨੰਬਰ 'ਤੇ ਆਉਣਾ ਇਸ ਗੱਲ ਦਾ ਸਬੂਤ ਹੈ।
ਰਾਜਪਾਲ ਨੇ ਦੱਸਿਆ ਕਿ ਚੰਡੀਗੜ੍ਹ ਰਹਿਣ ਵਾਲੇ ਸੇਵਾ ਮੁਕਤ ਮਿਲਟਰੀ ਅਧਿਕਾਰੀਆਂ ਵੱਲੋਂ ਮਿਲਟਰੀ ਸਾਹਿਤ ਉਤਸਵ ਕਰਵਾਉਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਤੇ ਭਾਰਤੀ ਫ਼ੌਜ ਦੇ ਸਹਿਯੋਗ ਕਰਵਾਏ ਜਾ ਰਹੇ ਇਸ ਨਿਵੇਕਲੇ ਮਿਲਟਰੀ ਸਾਹਿਤ ਉਤਸਵ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਕਰਕੇ ਇਹ ਬਹੁਤ ਸਫਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮਿਲਟਰੀ ਉਤਸਵ 'ਚ ਦੇਸ਼ ਤੇ ਵਿਦੇਸ਼ਾਂ ਤੋਂ ਵੀ ਅਹਿਮ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।
ਉਨ੍ਹਾਂ ਕਿਹਾ ਕਿ ਇਸ ਉਤਸਵ ਤੋ ਪਹਿਲਾਂ ਇਸ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੇ ਸਮਾਰੋਹ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਸਮੇਤ ਆਮ ਨਾਗਰਿਕ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨਗੇ ਅਤੇ ਇਹ ਸ਼ਾਟਗਨ ਚੈਂਪੀਅਨਸ਼ਿਪ 'ਚ ਟਰੈਪ ਤੇ ਸਕੀਟ ਮੁਕਾਬਲੇ ਵੀ ਇਸੇ ਲੜੀ ਦਾ ਹਿੱਸਾ ਹਨ।
ਸੀਨੀਅਰ ਸਲਾਹਕਾਰ ਪੰਜਾਬ ਸਰਕਾਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) . ਟੀ.ਐੱਸ. ਸ਼ੇਰਗਿੱਲ (ਪੀ.ਵੀ.ਐੱਸ.ਐਮ.) ਨੇ ਕਿਹਾ ਕਿ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਮਹਾਨ ਕੁਰਬਾਨੀਆਂ ਤੇ ਫ਼ੌਜੀ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸੈਨਾ 'ਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਦੀ ਅਗਵਾਈ ਹੇਠ ਚੰਡੀਗੜ੍ਹ ਪ੍ਰਸ਼ਾਸਨ ਤੇ ਭਾਰਤੀ ਸੈਨਾ ਦੇ ਸਹਿਯੋਗ ਨਾਲ ਸਾਂਝੇ ਉੱਦਮ ਵਜੋਂ ਕਰਵਾਏ ਜਾ ਰਹੇ ਤੀਜੇ ਮਿਲਟਰੀ ਸਾਹਿਤ ਉਤਸਵ ਲਈ ਲੋਕਾਂ 'ਚ ਬਹੁਤ ਉਤਸ਼ਾਹ ਹੈ।
ਸ਼ਾਟ ਗੰਨ ਚੈਂਪੀਅਨਸ਼ਿਪ ਦੌਰਾਨ ਮਿਲਟਰੀ ਲਿਟਰੇਚਰ ਫ਼ੈਸਟੀਵਲ ਲਈ ਕਮੇਟੀ ਦੇ ਮੈਂਬਰ ਕਰਨਲ (ਰਿਟਾ.) ਪੀ.ਐੱਸ. ਗਰੇਵਾਲ ਨੇ ਨਿਸ਼ਾਨੇਬਾਜ਼ੀ ਦੇ ਟ੍ਰੈਪ ਮੁਕਾਬਲੇ ਦੇ ਪ੍ਰਦਰਸ਼ਨੀ ਮੈਚ ਸ਼ੁਰੂ ਕਰਵਾਏ, ਜਿਸ 'ਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਵੀ ਨਿਸ਼ਾਨੇ ਫੁੰਡੇ। ਇਸ ਦੋ ਰੋਜ਼ਾ ਚੈਂਪੀਅਨਸ਼ਿਪ 'ਚ 30 ਟ੍ਰੈਪ ਸ਼ੂਟਰ ਤੇ 27 ਸਕੀਟ ਨਿਸ਼ਾਨੇਬਾਜ਼ ਹਿੱਸਾ ਲੈਣ ਪੁੱਜੇ ਹੋਏ ਹਨ, ਇਨ੍ਹਾਂ ਵਿੱਚ ਕੌਮਾਂਤਰੀ ਨਿਸ਼ਾਨੇਬਾਜ਼ ਪੀਪੀਐੱਸ ਗੁਰੋਂ ਸਮੇਤ ਵੱਡੀ ਗਿਣਤੀ ਕੌਮੀ ਨਿਸ਼ਾਨੇਬਾਜ਼ ਸ਼ਾਮਲ ਹਨ।
ਇਸ ਦੌਰਾਨ ਲੈਫੀਨੈਂਟ ਜਨਰਲ (ਸੇਵਾ ਮੁਕਤ) ਸ. ਚਿਤੇਂਦਰ ਸਿੰਘ, ਲੈਫੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਗਰੇਵਾਲ, ਡਾਇਰੈਕਟਰ ਵਾਈ.ਪੀ.ਐਸ. ਮੇਜਰ ਜਨਰਲ (ਸੇਵਾ ਮੁਕਤ) ਸੰਜੀਵ ਵਰਮਾ, ਮੇਜਰ ਜਨਰਲ (ਸੇਵਾ ਮੁਕਤ) ਅਰੁਣ ਆਰਿਆਂ, ਕੈਪਟਨ ਅਮਰਜੀਤ ਸਿੰਘ ਜੈਜ਼ੀ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਅਮਰਜੰਗ ਸਿੰਘ, ਜ਼ਿਲ੍ਹਾ ਖੇਡ ਅਫ਼ਸਰ , ਹਰਪ੍ਰੀਤ ਸਿੰਘ ਹੁੰਦਲ, ਤੇ ਹੋਰ ਅਹਿਮ ਸ਼ਖ਼ਸੀਅਤਾਂ, 60 ਦੇ ਕਰੀਬ ਸ਼ੂਟਰ, ਕੋਚ, ਖੇਡ ਪ੍ਰੇਮੀ, ਵਾਈ.ਪੀ.ਐਸ. ਪਟਿਆਲਾ ਤੇ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀ ਵੀ ਮੌਜੂਦ ਸਨ।