- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿਖੇ ਸਥਾਪਤ ਹੋਵੇਗਾ ਸੈਂਟਰ
ਚੰਡੀਗੜ੍ਹ, 7 ਨਵੰਬਰ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਪ੍ਰਸਤਾਵ ਨੂੰ ਹੁੰਗਾਰਾ ਦਿੰਦਿਆਂ ਕੇਂਦਰ ਸਰਕਾਰ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇੰਟਰ-ਫੇਥ ਸੈਂਟਰ ਦੀ ਸਥਾਪਨਾ ਲਈ ਪਹਿਲੇ ਪੜਾਅ ਤਹਿਤ 175 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਵਜੋਂ 439 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਦਾ ਪ੍ਰਸਤਾਵ ਤਿਆਰ ਕੀਤਾ ਸੀ।
ਪਹਿਲੇ ਪੜਾਅ ਤਹਿਤ ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ 175 ਕਰੋੜ ਰੁਪਏ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਨਾਂ ਵਿੱਚੋਂ 125 ਕਰੋੜ ਰੁਪਏ ਗੈਰ-ਆਵਰਤੀ ਵਜੋਂ ਅਤੇ 50 ਕਰੋੜ ਰੁਪਏ ਦੇ ਫੰਡ ਆਵਰਤੀ ਵਜੋਂ ਰੱਖੇ ਗਏ ਹਨ। ਬਾਕੀ ਫੰਡ ਵਿਸਥਾਰਤ ਪ੍ਰੋਜੈਕਟ ਰਿਪੋਰਟ ਦੇ ਖਰਚੇ ਦੀ ਪ੍ਰਗਤੀ ਨੂੰ ਘੋਖਣ ਤੋਂ ਬਾਅਦ ਜਾਰੀ ਕੀਤੇ ਜਾਣਗੇ।
ਇਸ ਪ੍ਰੋਜੈਕਟ ਦੀ ਰੂਪ-ਰੇਖਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਲੀਕੀ ਗਈ ਹੈ ਅਤੇ ਇਹ ਕੇਂਦਰ ਯੂਨੀਵਰਸਿਟੀ ਦੇ ਕੈਂਪਸ ਅੰਦਰ ਸਥਾਪਤ ਹੋਣਾ ਹੈ। ਇਹ ਪ੍ਰਸਤਾਵਿਤ ਕੇਂਦਰ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼, ਸ਼ਿਮਲਾ ਦੀ ਤਰਜ਼ ’ਤੇ ਚਲਾਇਆ ਜਾਵੇਗਾ।
ਇਸ ਕੇਂਦਰ ਵਿੱਚ ਅੱਠ ਭਾਗ ਹੋਣਗੇ ਜਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭਾਸ਼ਾਵਾਂ, ਗੁਰਬਾਣੀ ਸੰਗੀਤ, ਤੁਲਨਾਤਮਕ ਧਰਮ, ਵਿਵਾਦ-ਹੱਲ, ਪ੍ਰਾਚੀਨ ਸੰਗੀਤਕ ਯੰਤਰਾਂ ਦਾ ਪੁਨਰ ਨਿਰਮਾਣ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਅਧਿਐਨ, ਸਿੱਖ ਪੁਰਾਲੇਖ, ਧਾਰਮਿਕ ਸੰਗੀਤ ਤੇ ਸੰਮੇਲਨ ਕੇਂਦਰ ਦਾ ਧਰਮ ਸ਼ਾਸਤਰ ਤੇ ਸੁਰਮੇਲ ਸ਼ਾਮਲ ਹਨ।
ਇੱਥੇ ਇਹ ਦੱਸਣਯੋਗ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਜਸਪਾਲ ਸਿੰਘ ਨੇ ਇਸ ਤੋਂ ਪਹਿਲਾਂ ਪ੍ਰੋਜੈਕਟ ਬਾਰੇ ਵਿਸਥਾਰਤ ਪੇਸ਼ਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਦਿੱਤੀ ਸੀ ਜਿਨਾਂ ਨੇ ਇਸ ਨੂੰ ਸਹਿਮਤੀ ਦਿੰਦਿਆਂ ਕਿਹਾ ਸੀ ਕਿ ਇਹ ਕੇਂਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਪਸਾਰ ਲਈ ਅਹਿਮ ਯੋਗਦਾਨ ਪਾਵੇਗਾ। ਸੂਬਾ ਸਰਕਾਰ ਨੇ ਇਸ ਮਾਨਮੱਤੇ ਪ੍ਰੋਜੈਕਟ ਦੀ ਛੇਤੀ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਸਾਲ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਹੋਈ ਸੀ ਅਤੇ ਇਹ ਮੁਲਕ ਵਿੱਚ ਇਕੱਲੀ ਯੂਨੀਵਰਸਿਟੀ ਹੈ ਜੋ ਸਿੱਖ ਧਰਮ ਦੇ ਬਾਨੀ ਦੇ ਨਾਮ ’ਤੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇ ਸਤਿਕਾਰ ਵਿੱਚ ਸੂਬਾ ਸਰਕਾਰ ਨੇ ਵਿਸ਼ਵ ਧਰਮਾਂ ਲਈ ਅੰਤਰ ਵਿਸ਼ਵਾਸ ਦੇ ਹਵਾਲੇ ਦੇ ਸੰਦਰਭ ਵਿੱਚ ਇਸ ਨੋਡਲ ਸੈਂਟਰ ਦੀ ਸਥਾਪਨਾ ਦਾ ਪ੍ਰਸਤਾਵ ਪੇਸ਼ ਕੀਤਾ ਸੀ ਤਾਂ ਕਿ ਗੁਰਮਤਿ ਸੰਗੀਤ, ਤੁਲਨਾਤਮਕ ਧਰਮ ਅਤੇ ਪੁਰਾਲੇਖਾਂ ਦੀ ਸੰਭਾਲ ਆਦਿ ਵਰਗੇ ਵੱਖ-ਵੱਖ ਖੇਤਰਾਂ ਵਿੱਚ ਅਧਿਆਪਨ ਤੇ ਖੋਜ ਕੀਤੀ ਜਾ ਸਕੇ।