ਹਰਦਮ ਮਾਨ
ਸਰੀ, 9 ਨਵੰਬਰ 2019 - ਅੱਜ ਲਾਗਲੇ ਸ਼ਹਿਰ ਬਰਨਬੀ ਵਿਖੇ ਇਕ ਕਾਰ ਬੇਕਾਬੂ ਹੋ ਕੇ ਇਕ ਖੰਭੇ ਅਤੇ ਦਰੱਖਤ ਨਾਲ ਟਕਰਾਉਣ ਉਪਰੰਤ ਢਲਾਣ ਤੋਂ ਹੇਠਾਂ ਜਾ ਕੇ ਪਲਟ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਚਾਲਕ ਨੂੰ ਬਚਾਅ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 90 ਸਾਲਾਂ ਦਾ ਇੱਕ ਵਿਅਕਤੀ ਬਰਨਬੀ ਵਿਖੇ ਕੈਰੀਬੋ ਰੋਡ ਤੋਂ ਗਗਲਾਰਡੀ ਵੇਅ ਵੱਲ ਜਾ ਰਿਹਾ ਸੀ ਅਤੇ ਆਪਣੇ ਅੱਗੇ ਜਾ ਰਹੇ ਇੱਕ ਹੋਰ ਵਾਹਨ ਨੂੰ ਲੰਘਣ ਦੀ ਕੋਸ਼ਿਸ਼ ਵਿਚ ਉਹ ਆਪਣਾ ਕੰਟਰੋਲ ਗੁਆ ਬੈਠਾ। ਉਸ ਦੀ ਕਾਰ ਪਹਿਲਾਂ ਇਕ ਖੰਭੇ ਨਾਲ ਟਕਰਾਈ ਅਤੇ ਫਿਰ ਇਕ ਦਰੱਖਤ ਨਾਲ ਟਕਰਾ ਕੇ ਪਹਾੜੀ ਤੋਂ ਹੇਠਾਂ ਵੱਲ ਫੁੱਟਪਾਥ ਦੇ ਕੋਲ ਪਲਟ ਗਈ। ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਕਾਰ ਦਾ ਡਰਾਈਵਰ ਠੀਕ ਠਾਕ ਸੀ। ਇਸ ਹਾਦਸੇ ਵਿਚ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਨਹੀਂ ਹੈ।
ਬਰਨਬੀ ਪੁਲਿਸ ਦੇ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਕਰਨ ਵਾਸਤੇ ਇਸ ਰਸਤੇ ਉਪਰ ਕੁਝ ਸਮੇਂ ਲਈ ਟ੍ਰੈਫਿਕ ਬੰਦ ਰੱਖਣਾ ਪਿਆ।