ਹਰਦਮ ਮਾਨ
ਸਰੀ, 9 ਨਵੰਬਰ 2019 - ਬੀ.ਸੀ. ਦੇ ਸ਼ਹਿਰ ਕਲੋਨਾ ਵਿਚ ਸਥਿਤ ਟੋਲਕੋ ਇੰਡਸਟਰੀਜ਼ ਦੀ ਮਿੱਲ ਨੂੰ ਸਥਾਈ ਤੌਰ ਤੇ ਬੰਦ ਕਰਨ ਦਾ ਨੋਟਿਸ ਮਿੱਲ ਦੇ ਕਾਮਿਆਂ ਉਪਰ ਵੱਡਾ ਕਹਿਰ ਬਣ ਕੇ ਡਿੱਗਿਆ ਹੈ। ਇਸ ਨੋਟਿਸ ਰਾਹੀਂ ਕਾਮਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਮਿੱਲ 8 ਜਨਵਰੀ 2020 ਤੋਂ ਪੱਕੇ ਤੌਰ ਤੇ ਬੰਦ ਹੋ ਰਹੀ ਹੈ। ਮਿੱਲ 1930 ਤੋਂ ਕੰਮ ਕਰ ਰਹੀ ਹੈ ਅਤੇ ਇਸਨੇ 89 ਸਾਲਾਂ ਤੋਂ ਵੱਧ ਸਮੇਂ ਤੋਂ ਨੌਕਰੀਆਂ ਪੈਦਾ ਕਰਨ ਅਤੇ ਹੋਰ ਕਈ ਹੋਰ ਆਰਥਿਕ ਕਾਰਜਾਂ ਰਾਹੀਂ ਕਮਿਊਨਿਟੀ ਵਿਚ ਯੋਗਦਾਨ ਪਾਇਆ ਹੈ। ਇਸ ਮਿੱਲ ਵਿਚ ਕੁੱਲ 174 ਕਾਮੇ ਕੰਮ ਕਰਦੇ ਹਨ ਜਿਨ੍ਹਾਂ ਵਿੱਚੋਂ 156 ਕਾਮੇ ਪ੍ਰਤੀ ਘੰਟਾ ਤਨਖਾਹ ਦੇ ਹਿਸਾਬ ਨਾਲ ਕੰਮ ਕਰਦੇ ਹਨ ਅਤੇ 18 ਕਾਮੇ ਤਨਖਾਹ ‘ਤੇ ਆਧਾਰਤ ਹਨ। ਇਨ੍ਹਾਂ ਸਾਰੇ ਕਾਮਿਆਂ ਨੂੰ ਅੱਜ ਪ੍ਰਬੰਧਕਾਂ ਵੱਲੋਂ ਮਿੱਲ ਦੇ ਬੰਦ ਹੋਣ ਸਬੰਧੀ ਨੋਟਿਸ ਪ੍ਰਾਪਤ ਹੋਇਆ ਹੈ।
ਮਿੱਲ ਦੇ ਬੰਦ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਉਪ-ਪ੍ਰਧਾਨ ਟ੍ਰੋਏ ਕਨੌਲੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਲਾਗ ਦੀਆਂ ਵਧ ਚੁੱਕੀਆਂ ਕੀਮਤਾਂ ਕਾਰਨ ਕੰਪਨੀ ਨੂੰ ਮਿੱਲ ਬੰਦ ਕਰਨ ਦਾ ਮੰਦਭਾਗਾ ਫੈਸਲਾ ਲੈਣਾ ਪਿਆ ਹੈ ਕਿਉਂਕਿ ਵਧੀਆਂ ਲਾਗਤਾਂ ਕਾਰਨ ਕੰਪਨੀ ਬਾਜ਼ਾਰ ਵਿਚ ਮੁਕਾਬਲੇਬਾਜ਼ੀ ਤੋਂ ਬਾਹਰ ਹੋ ਰਹੀ ਹੈ। ਕਨੌਲੀ ਨੇ ਇਹ ਵੀ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਲੋਨਾ ਦੇ ਲੋਕਾਂ ਨੇ ਮਿੱਲ ਨੂੰ ਸਫਲ ਬਣਾਉਣ ਲਈ ਆਪਣੇ ਵਿਤੋਂ ਵੱਧ ਜ਼ੋਰ ਲਾਇਆ ਅਤੇ ਸਾਡਾ ਸਾਥ ਦਿੱਤਾ ਪਰ ਇਹ ਬਦਕਿਸਮਤੀ ਹੈ ਕਿ ਲਾਗ ਖਰਚਿਆਂ ਦੇ ਵਾਧੇ ਕਾਰਨ ਮਿੱਲ ਹੁਣ ਮਾਰਕੀਟ ਵਿਚ ਮੁਕਾਬਲਾ ਕਰਨ ਤੋਂ ਅਸਮਰੱਥ ਹੋ ਗਈ ਹੈ।
ਕੰਪਨੀ ਦੇ ਪ੍ਰਧਾਨ ਅਤੇ ਸੀਈਓ ਬ੍ਰੈਡ ਥੋਰਲੈਕਸਨ ਨੇ ਕਿਹਾ ਕਿ ਪਿਛਲੇ 89 ਤੋਂ ਚੱਲ ਰਹੀ ਮਿੱਲ ਨੂੰ ਬੰਦ ਕਰਨ ਦਾ ਫੈਸਲਾ ਸਾਡੇ ਲਈ ਬਹੁਤ ਹੀ ਦੁਖਦਾਈ ਹੈ। ਉਨ੍ਹਾ ਕਿਹਾ ਕਿ ਕੰਪਨੀ ਮਿੱਲ ਦੇ ਕਾਮਿਆਂ ਦੀ ਭਾਵਨਾਵਾਂ ਸਮਝਦੀ ਹੈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵਾਂਝੇ ਕਰਨ ਬਦਲੇ ਦਿੱਤੇ ਜਾਣ ਵਾਲੇ ਪੈਕੇਜ ਅਤੇ ਲਾਭਾਂ ਬਾਰੇ ਅਗਲੇ ਦਿਨਾਂ ਦੌਰਾਨ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਵੇਗੀ।