← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ, 9 ਨਵੰਬਰ 2019 - ਜ਼ਿਲ੍ਹਾ ਮਾਨਸਾ ਦੀ ਸਬ ਡਵੀਜ਼ਨ ਬੁਢਲਾਡਾ ਸਥਿਤ ਐੱਚ.ਡੀ.ਐੱਫ.ਸੀ. ਬੈਂਕ ਬ੍ਰਾਂਚ ਵਿਖੇ ਇੱਕ ਮਹਿਲਾ ਮੁਲਾਜ਼ਮ ਵੱਲੋਂ ਇੱਕ ਵਿਧਵਾ ਔਰਤ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਪੀੜ੍ਹਤਾ ਦੀ ਸ਼ਿਕਾਇਤ 'ਤੇ ਉਕਤ ਮਹਿਲਾ ਮਹਿਲਾ ਕਰਮਚਾਰੀ ਅਤੇ ਮਾਨਸਾ ਵਾਸੀ ਇੱਕ ਵਿਅਕਤੀ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਕਰਮਜੀਤ ਕੌਰ ਵਿਧਵਾ ਗਮਦੂਰ ਸਿੰਘ ਵਾਸੀ ਬੁਢਲਾਡਾ ਨੇ ਦੱਸਿਆ ਕਿ ਪਿੰਡ ਹਾਕਮਵਾਲਾ ਸਥਿਤ ਉਸ ਨੇ ਆਪਣੀ ਜ਼ਮੀਨ ਵੇਚ ਕੇ 18 ਲੱਖ ਰੁਪਏ ਉਕਤ ਬੈਂਕ 'ਚ ਜਮ੍ਹਾ ਕਰਵਾਏ ਸਨ। ਇਸ ਉਪਰੰਤ ਬੈਂਕ ਮੁਲਾਜ਼ਮ ਮਮਤਾ ਰਾਣੀ ਪਤਨੀ ਰਾਜ ਕੁਮਾਰ ਵਾਸੀ ਬੁਢਲਾਡਾ ਨੇ ਉਸ ਨਾਲ ਮੇਲ–ਜ਼ੋਲ ਵਧਾਇਆ ਅਤੇ ਵਿਦੇਸ਼ ਭੇਜਣ ਦੇ ਨਾਮ 'ਤੇ ਉਸ ਕੋਲੋਂ 2 ਲੱਖ 50 ਹਜ਼ਾਰ ਰੁਪਏ ਲਏ ਅਤੇ ਕੁੱਝ ਕਾਗਜ਼ਾਂ ਉੱਪਰ ਦਸਤਖਤ ਵੀ ਕਰਵਾ ਲਏ। ਉਸ ਨੇ ਅੱਗੇ ਦੱਸਿਆ ਕਿ ਇਸ ਉਪਰੰਤ ਮਮਤਾ ਰਾਣੀ ਨੇ ਮੈਨੂੰ ਬਿਨਾ ਜਾਣਕਾਰੀ ਦਿੱਤੇ ਮੇਰੇ ਖਾਤੇ 'ਚੋਂ 10 ਲੱਖ ਰੁਪਏ ਮੈਸ: ਸ਼੍ਰੀ ਸ਼ਿਆਮ ਇਲੈਕਟ੍ਰੋਨਿਕਸ ਮਾਨਸਾ ਦੇ ਖਾਤੇ 'ਚ ਪਵਾ ਦਿੱਤੇ ਅਤੇ ਨਾਲ ਹੀ ਬੈਂਕ ਖਾਤਾ ਕਾਗਜ਼ਾਂ 'ਚ ਮੇਰੇ ਮੋਬਾਇਲ ਨੰਬਰ ਦੀ ਜਗ੍ਹਾ ਕਿਸੇ ਹੋਰ ਦਾ ਮੋਬਾਇਲ ਨੰਬਰ ਦਰਜ ਕਰ ਦਿੱਤਾ, ਤਾਂ ਜੋ ਮੈਨੂੰ ਕਿਸੇ ਵੀ ਕਿਸਮ ਦੀ ਜਾਣਕਾਰੀ ਨਾ ਮਿਲੇ। ਪੀੜ੍ਹਤਾ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਉਪਰੰਤ ਉਕਤ ਮਹਿਲਾ ਕਰਮਚਾਰੀ ਮਮਤਾ ਰਾਣੀ ਨੇ ਫਿਰ ਮੇਰੇ ਬੈਂਕ ਖਾਤਾ ਕਾਗਜ਼ਾਂ 'ਚ ਮੇਰਾ ਮੋਬਾਇਲ ਨੰਬਰ ਦਰਜ ਕਰ ਦਿੱਤਾ ਅਤੇ ਇਸ ਦੌਰਾਨ ਕਢਵਾਈ ਉਕਤ ਰਕਮ ਫਿਰ ਮੇਰੇ ਖਾਤੇ 'ਚ ਟ੍ਰਾਂਜੈਕਸ਼ਨ ਕਰ ਦਿੱਤੀ। ਇਸ ਮਾਮਲੇ ਦੀ ਜਾਂਚ–ਪੜਤਾਲ ਕਰਨ ਉਪਰੰਤ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਮਮਤਾ ਰਾਣੀ ਵਾਸੀ ਬੁਢਲਾਡਾ ਅਤੇ ਸੁਸ਼ੀਲ ਕੁਮਾਰ ਵਾਸੀ ਮਾਨਸਾ ਦੇ ਖਿਲਾਫ਼ ਧਾਰਾ 420,120ਬੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 994