ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਵਿੱਤ ਮੰਤਰੀ
ਅਸ਼ੋਕ ਵਰਮਾ
ਬਠਿੰਡਾ, 10 ਨਵੰਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਮਨਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ 7 ਨਵੰਬਰ ਤੋਂ ਸ਼ੁਰੂ ਕਰਵਾਏ ਗਏ ਸਮਾਗਮਾਂ ਦੀ ਲੜੀ ਤਹਿਤ ਅੱਜ ਪੁਲਿਸ ਪਬਲਿਕ ਸਕੂਲ ਤੋਂ ਸ਼ੁਰੂ ਹੋਣ ਵਾਲੀ ਸਾਈਕਲ ਰੈਲੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਦੀ ਹਾਜਰੀ ’ਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗੁਜ਼ਰਦੀ ਹੋਈ ਕਿਲਾ ਮੁਬਾਰਕ ਵਿਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿਚ ਵਿਦਿਆਰਥੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਲਗਭਗ 1000 ਸਾਈਕਲ ਸਵਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸਾਈਕਲ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਈਕਲ ਦੀ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਉਤਸ਼ਾਹਤ ਕਰਨਾ ਹੈ। ਸ. ਬਾਦਲ ਨੇ ਇਸ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਮੈਂਬਰਾਂ ਦੀ ਭਰਪੂਰ ਸ਼ਲਾਘਾ ਕੀਤੀ ।
ਅੱਜ ਹੀ ਰੋਜ਼ ਗਾਰਡਨ ਵਿਖੇ ਸੱਭਿਆਚਾਰਕ ਪ੍ਰੋਗਰਾਮ, ਪੌਦੇ ਲਗਾਉਣ ਦੀ ਮੁਹਿੰਮ, ਲਾਈਵ ਪੇਂਟਿੰਗ, ਕਵੀਸ਼ਰੀ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿੱਤ ਮੰਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਥਾਹ ਮਹੱਤਵ ਵਾਲੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ।
ਵਿੱਤ ਮੰਤਰੀ ਨੇ ਰੋਜ਼ ਗਾਰਡਨ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜੋਗਰਜ਼ ਪਾਰਕ ਵਿਚ ਬੂਟੇ ਲਗਾਏ ।ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ, ਕਵੀਸ਼ਰੀ, ਸਿੱਖ ਰੈਜੀਮੈਂਟ ਦੁਆਰਾ ਬੈਂਡ-ਮਲਵਈ ਗਿੱਧਾ ਅਤੇ ਲਾਈਵ ਪੇਂਟਿੰਗ ਸਮੇਤ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ।
ਇਸ ਤੋਂ ਇਲਾਵਾ ਡੈਫ ਐਂਡ ਡੰਬ ਸਕੂਲ ਦੇ ਬੱਚਿਆਂ, ਸੀਨੀਅਰ ਸਿਟੀਜ਼ਨ ਹੋਮ ਦੇ ਬਜ਼ੁਰਗ, ਲੇਪਰਜ਼ ਕਲੋਨੀ (ਕੁਸ਼ਟ ਆਸ਼ਰਮ) ਦੇ ਲੋਕਾਂ ਨੇ ਵਿੱਤ ਮੰਤਰੀ, ਸੀਨੀਅਰ ਆਗੂਆਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰਾਂ ਨਾਲ ਵੱਖ-ਵੱਖ ਤਰਾਂ ਦੇ ਫ਼ਲਦਾਰ ਤੇ ਛਾਂਦਾਰ ਬੂਟੇ ਵੀ ਲਗਾਏ ।
ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਚਾਰ ਬੱਚਿਆਂ ਲਈ ਵਿਸ਼ੇਸ਼ ਦੇਖਭਾਲ ਅਤੇ ਯਤਨ ਕੀਤੇ ਗਏ ਸਨ ਜਿਨਾਂ ਨੂੰ ਅਨੰਤ ਆਸ਼ਰਮ (ਨਥਾਣਾ) ਤੋਂ ਰੋਜ਼ ਗਾਰਡਨ ਵੀ ਲਿਆਂਦਾ ਗਿਆ ਸੀ । ਇਹ ਬੱਚੇ ਹਾਲ ਹੀ ਵਿੱਚ ਡੈਫ ਐਂਡ ਡੰਬ ਸਕੂਲ ਨੇੜੇ ਗੋਨਿਆਣਾ ਰੋਡ ’ਤੇ ਪੰਘੂੜੇ ਵਿੱਚ ਪਾਏ ਗਏ ਸਨ। ਉਨਾਂ ਦੇ ਨਾਮ ’ਤੇ ਬੂਟੇ ਲਗਾਏ ਗਏ । ਸ਼ਾਮ ਨੂੰ ਵਿੱਤ ਮੰਤਰੀ ਨੇ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ । ਅਨੰਤ ਆਸ਼ਰਮ (ਨਥਾਣਾ) ਅਤੇ ਡੈਫ਼ ਐਂਡ ਡੰਬ ਤੋਂ ਲਿਆਂਦੇ ਛੋਟੇ ਬੱਚਿਆਂ ਨੂੰ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਸਰਕਾਰੀ ਰਿਹਾਇਸ਼ ਵਿਖੇ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਦੇ ਸਮੇਂ ਤੱਕ ਦੇਖਭਾਲ ਲਈ ਰੱਖਿਆ ਗਿਆ।
ਇਸ ਮੌਕੇ ਐਸ.ਡੀ.ਐਮ. ਬਠਿੰਡਾ ਅਮਰਿੰਦਰ ਸਿੰਘ ਟਿਵਾਣਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ.ਕੇ ਅਗਰਵਾਲ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਵਧਾਵਨ, ਸ਼੍ਰੀ ਪਵਨ ਮਾਨੀ, ਸ਼੍ਰੀ ਮੋਹਨ ਲਾਲ ਝੂੰਬਾ ਆਦਿ ਹਾਜ਼ਰ ਸਨ।