ਪੰਜਾਬੀ ਸਾਹਿਤ ਸਭਾ ਗਲਾਸਗੋ( ਸਕਾਟਲੈਂਡ) ਦੇ ਅਦਬੀ ਚਿਹਰਿਆਂ ਨਾਲ ਮਨਦੀਪ ਖੁਰਮੀ ਦੇ ਘਰ ਬਹੁਤ ਮੁੱਲਵਾਨ ਸ਼ਾਮ ਗੁਜਰੀ।
ਮਨਦੀਪ ਹਿੰਮਤਪੁਰੇ ( ਮੋਗਾ) ਦਾ ਹਿੰਮਤੀ ਪੁੱਤਰ ਹੈ ਜਿੱਥੋਂ ਦੇ ਮੁੰਡਿਆਂ ਨੂੰ ਲੋਕ ਸਾਹਿੱਤ ਵੀ ਸੱਤ ਪੱਤਣਾਂ ਦੇ ਤਾਰੂ ਮੰਨਦਾ ਹੈ।
ਹਿੰਮਤ ਪੁਰੇ ਦੇ ਮੁੰਡੇ ਬੰਬਲੇ,ਸੱਤ ਪੱਤਣਾਂ ਦੇ ਤਾਰੂ।
ਸੂਇਆਂ ਕਸੀਆਂ ਤੇ ਕਣਕ ਬੀਜਦੇ, ਛੋਲੇ ਬੀਜਦੇ ਮਾਰੂ।
ਇਕ ਮੁੰਡੇ ਦਾ ਨਾਂ ਫ਼ਤਹਿ ਮੁਹੰਮਦ ਦੂਜੇ ਦਾ ਸਰਦਾਰੂ।
ਗਾਮਾ ਬਰਕਤ ਸਾਉਣ ਚੰਨਣ ਸਿੰਘ ਸਭ ਤੋਂ ਉੱਤੇ ਦੀ ਬਾਰੂ।
ਸਾਰੇ ਰਲ ਕੇ ਮੇਲੇ ਜਾਂਦੇ ਨਾਲੇ ਜਾਂਦਾ ਨਾਅਰੂ,
ਬਸੰਤੀ ਰੀਝਾਂ ਨੂੰ ਚਾਅ ਗਿੱਧੇ ਦਾ ਭਾਰੂ।
ਇੱਕ ਹੋਰ ਥਾਂ ਇਸ ਹਿੰਮਤਪੁਰੇ ਨੂੰ ਕਹੀਆਂ ਬਣਾਉਣ ਵਾਲਿਆਂ ਦਾ ਨਗਰ ਮੰਨਿਆ ਗਿਆ ਹੈ।
ਬੀਕਾਨੇਰ ਤੋਂ ਊਠ ਲਿਆਂਦਾ ਦੇ ਕੇ ਰੋਕ ਪਚਾਸੀ।
ਸ਼ਹਿਣੇ ਦੇ ਵਿੱਚ ਝਾਂਜਰ ਬਣਦੀ, ਸ਼ਹਿਰ ਭਦੌੜ ਦੀ ਚਾਟੀ।
ਰੌਂਤੇ ਦੇ ਵਿੱਚ ਬਣਦੇ ਕੂੰਡੇ, ਜੋਗੇ ਰੱਲੇ ਗੰਡਾਸੀ।
ਭਾਈ ਬਖਤੌਰੇ ਬਣਦੇ ਟਕੂਏ, ਕਾਸਾਪੁਰ ਦੀ ਦਾਤੀ।
ਹਿੰਮਤਪੁਰੇ ਵਿੱਚ ਬਣਦੀਆਂ ਕਹੀਆਂ ,
ਮੁਕਸਰ ਬਣਦੀ ਕਾਠੀ।
ਬਹਿ ਜਾ ਬੋਤੇ ਤੇ ਮੰਨ ਲੈ ਭੌਰ ਦੀ ਆਖੀ।
ਹਿੰਮਤ ਪੁਰੇ ਦੇ ਮਨਦੀਪ ਸਦਕਾ ਗਲਾਸਗੋ ਦੇ ਚੰਗੇ ਜੀਆਂ ਨਾਲ ਮੁਲਾਕਾਤ ਸੰਭਵ ਹੋਈ ਹੈ। ਸ: ਦਿਲਬਾਗ ਸਿੰਘ ਸੰਧੂ, ਦਲਜੀਤ ਸਿੰਘ ਦਿਲਬਰ ਤੇ ਕਿੰਨ ਹੋਰ।
ਬੀਤੀ ਸ਼ਾਮ ਤਰਲੋਚਨ ਮੁਠੱਡਾ, ਹਰਜੀਤ ਦੋਸਾਂਝ ਤੇ ਅਮਨ ਦੀਪ ਸਿੰਘ ਅਮਨ ਮਿਲਣ ਆਏ। ਅਮਨ ਨੇ ਸੱਜਰੀ ਛਪੀ ਗ਼ਜ਼ਲ ਪੁਸਤਕ ਕੁਦਰਤ ਸੌਂਪਦਿਆਂ ਦੱਸਿਆ ਕਿ ਇਹ ਕਿਤਾਬ ਸਾਂਝੀ ਸੁਰ ਪ੍ਰਕਾਸ਼ਨ ਰਾਜਪੁਰਾ ਨੇ ਪ੍ਰਕਾਸ਼ਿਤ ਕੀਤੀ ਹੈ। ਅਮਨ ਨੇ ਦੱਸਿਆ ਕਿ ਉਹ ਕੈਨੇਡਾ ਵੱਸਦੇ ਸ਼ਾਇਰ ਰਾਜਵੰਤ ਰਾਜ ਦਾ ਸ਼ਾਗਿਰਦ ਹੈ, ਬਟਾਲੇ ਵਾਲੀ ਕਵਿੱਤਰੀ ਸਿਮਰਤ ਸੁਮੈਰਾ ਉਸ ਦੀ ਗੁਰ ਭੈਣ ਹੈ।
ਉਸ ਨੇ ਹੀ ਇਸ ਪੁਸਤਕ ਦੀ ਪ੍ਰਕਾਸ਼ਨ ਵਿਉਂਤਬੰਦੀ ਤੇ ਦੇਖ ਰੇਖ ਕੀਤੀ ਹੈ।
ਤਰਲੋਚਨ ਮੁਠੱਡਾ ਗਹਿਰ ਗੰਭੀਰਾ ਨੌਜਵਾਨ ਹੈ ਜਿਸ ਨੂੰ ਅਜਮੇਰ ਸਿੱਧੂ ਵਰਗੇ ਪਰਪੱਕ ਲੇਖਕ, ਹਰਵਿੰਦਰ ਭੰਡਾਲ ਵਰਗੇ ਸ਼ਾਇਰ ਤੇ ਆਲੋਚਕ ਦਾ ਸਹਿਪਾਠੀ ਹੋਣ ਦਾ ਮਾਣ ਹੈ। ਪੁਸਤਕ ਸਭਿਆਚਾਰ ਦੀ ਜੋਤ ਲੈ ਕੇ ਸਾਹਿੱਤ ਸਭਾ ਦੇ ਇਹ ਕਾਰਕੁਨ ਹਰ ਸਾਂਝੀ ਥਾਂ ਤੇ ਸਟਾਲ ਲਗਾਉਂਦੇ ਹਨ। ਘਰ ਘਰ ਕਿਤਾਬਾਂ ਦੀ ਪਹੁੰਚ ਯਕੀਨੀ ਬਣਾਉਂਦੇ ਹਨ।
ਹਿੰਮਤਪੁਰੇ ਦਾ ਪੁੱਤਰ ਮਨਦੀਪ ਇਸ ਕਾਫ਼ਲੇ ਚ ਨਵਾਂ ਰਲ਼ਿਆ ਹੈ। ਦੋ ਮਹੀਨੇ ਪਹਿਲਾਂ ਹੀ ਉਹ ਇਸ ਸ਼ਹਿਰ ਚ ਲਿਵਰਪੂਲ ਤੋਂ ਸ਼ਿਫ਼ਟ ਹੋਇਆ ਹੈ।
ਉਸ ਦੇ ਦੋਵੇਂ ਬੱਚੇ ਬੇਟਾ ਹਿੰਮਤ ਤੇ ਬੇਟੀ ਕੀਰਤ ਪੰਜਾਬੀ ਲਿਖਣ ਪੜ੍ਹਨ ਤੇ ਬੋਲਣ ਦੀ ਲਿਆਕਤ ਰੱਖਦੇ ਹਨ। ਵਲਾਇਤ ਚ ਜਨਮ ਲੈਣ ਦੇ ਬਾਵਜੂਦ ਸਾਬਤ ਸਬੂਤੇ ਹਿੰਮਤਪੁਰੀਏ ਮਲਵਈ ਹਨ। ਇਸ ਦਾ ਸਿਹਰਾ ਮਨਦੀਪ ਤੇ ਉਸ ਦੀ ਜੀਵਨ ਸਾਥਣ ਨੀਲਮ ਨੂੰ ਜਾਂਦਾ ਹੈ ਜੋ ਆਪਣੇ ਘਰ ਨੂੰ ਨਿੱਕਾ ਜਿਹਾ ਪੰਜਾਬੀ ਭਵਨ ਬਣਾਈ ਬੈਠੇ ਹਨ।
ਇਨ੍ਹਾਂ ਚਾਰ ਸੱਜਣਾਂ ਨੂੰ ਮੈਂ ਆਪਣੀ ਗ਼ਜ਼ਲ ਪੁਸਤਕ ਰਾਵੀ ਭੇਂਟ ਕਰਕੇ ਤਸੱਲੀ ਮਹਿਸੂਸ ਕੀਤੀ ਕਿ ਕਿਤਾਬ ਇਨ੍ਹਾਂ ਦੇ ਘਰਾਂ ਚ ਇਕੱਲ ਮਹਿਸੂਸ ਨਹੀਂ ਕਰੇਗੀ।
ਗੁਰਭਜਨ ਗਿੱਲ
(ਗਲਾਸਗੋ)
ਹਰਜੀਤ ਦੋਸਾਂਝ ਵੀ ਪੁਆਧੜਾ (ਜਲੰਧਰ) ਦਾ ਜੰਮਪਲ ਹੈ।