ਜੀ ਐਸ ਪੰਨੂ
ਪਟਿਆਲਾ 20 ਨਵੰਬਰ 2019 - ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਦਿੱਤੇ ਗਏ ਧਰਨੇ ਦੇ ਸੱਦੇ ਵਿੱਚ 20/11/2019 ਨੂੰ 11.00 ਤੋ 1.00 ਵਜੇ ਤੱਕ ਧਰਨੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋ ਸ਼ਮੂਲੀਅਤ ਕੀਤੀ ਗਈ। ਜਿੱਥੇ ਇਹ ਧਰਨਾ ਪੂਟਾ ਐਗਜ਼ੈਕਟਿਵ ਨੇ ਹੀ ਲਾਉਣਾ ਸੀ ਪਰ ਫਿਰ ਵੀ ਅਧਿਆਪਕਾਂ ਨੇ ਇਸ ਵਿੱਚ ਆ ਕੇ ਆਪਣਾ ਸਹਿਯੋਗ ਦਿੱਤਾ ਅਤੇ ਇਸਨੂੰ ਕਾਮਯਾਬ ਬਣਾਇਆ। ਇਹ ਧਰਨਾ ਯੂਨੀਵਰਸਿਟੀ ਵਿੱਚ ਅਧਿਆਪਕਾਂ ਦੀਆਂ ਪਿਛਲੇ ਸਮੇਂ ਤੋਂ ਲਮਕਦੀਆਂ ਵਿੱਤੀ ਮੰਗਾਂ ਦੇ ਸਬੰਧ ਵਿੱਚ ਸੀ ।ਇਨ੍ਹਾਂ ਮੰਗਾਂ ਕਾਰਨ ਯੂਨੀਵਰਸਿਟੀ ਅਧਿਆਪਕਾਂ ਵਿਚ ਕਾਫ਼ੀ ਰੋਸ ਅਤੇ ਬੇਚੈਨੀ ਬਣੀ ਹੋਈ ਸੀ ਜਿਸ ਲਈ ਉਨ੍ਹਾਂ ਨੇ ਮਜਬੂਰ ਹੋ ਕੇ ਇਹ ਧਰਨਾ ਵਾਈਸ ਚਾਂਸਲਰ ਦਫਤਰ ਵਿਖੇ ਲਾਇਆ।
ਯੂਨੀਵਰਸਿਟੀ ਵਿਖੇ ਪਿਛਲੇ ਕਾਫੀ ਸਮੇਂ ਤੋਂ ਪੱਦਉਨਤ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੀ ਵਧੀ ਹੋਈ ਤਨਖ਼ਾਹ ਹਾਲੀ ਤੱਕ ਨਹੀਂ ਮਿਲੀ ।ਨਾ ਹੀ ਉਨ੍ਹਾਂ ਦੇ ਬਣਦੇ ਏਰੀਅਰ ਵੀ ਉਨ੍ਹਾਂ ਨੂੰ ਮਿਲੇ ਹਨ।ਐਨਪੀਐਸ ਅਤੇ ਓ ਪੀ ਐੱਸ ਦੇ ਮਸਲੇ ਵੀ ਹਾਲੀ ਤੱਕ ਨਜਿੱਠੇ ਨਹੀਂ ਗਏ ।ਇਸ ਦੇ ਨਾਲ ਨਾਲ ਸਾਲ 2013-14 ਦੇ ਡੀਏ ਦੀਆਂ ਕਿਸ਼ਤਾਂ ਵੀ ਅਧਿਆਪਕਾਂ ਨੂੰ ਨਹੀਂ ਮਿਲੀਆਂ । ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ ।
ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਨੇ ਸਖ਼ਤ ਸ਼ਬਦਾਂ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਅਤੇ ਜਲਦ ਤੋਂ ਜਲਦ ਨਾ ਪੂਰੀਆਂ ਕੀਤੀਆਂ ਗਈਆਂ ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਰੂਪ ਦੇ ਦਿੱਤਾਜਾਵੇਗਾਪੀਫੈਕਟੋਵੱਲੋਂ22/11/2019 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਦਿੱਤੇ ਗਏ ਧਰਨੇ ਦੇ ਸੱਦੇ ਵਿੱਚ ਪੂਟਾ ਵੱਲੋਂ ਹੁੰਮਹੁਮਾ ਕੇ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ ।ਇਸ ਧਰਨੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚੋਂ ਅਧਿਆਪਕ ਮਾਸ ਕੈਜੂਅਲ ਲੀਵ ਲੈ ਕੇ ਪੁੱਜਣਗੇ ।
ਸਟੇਜ ਦੀ ਕਾਰਵਾਈ ਸਕੱਤਰ ਪੂਟਾ ਗੁਰਨਾਮ ਸਿੰਘ ਵਿਰਕ ਨੇ ਚਲਾਉਂਦਿਆਂ ਹੋਇਆਂ ਕਿਹਾ ਕਿ ਯੂਨੀਵਰਸਿਟੀ ਪਿਛਲੇ ਕਾਫੀ ਸਮੇਂ ਤੋਂ ਬੈਂਕਾਂ ਤੋਂ ਕਰਜ਼ਾ ਲੈ ਲੈ ਕੇ ਤਨਖ਼ਾਹਾਂ ਦੇ ਰਹੀ ਹੈ ਜਿਸ ਨਾਲ ਯੂਨੀਵਰਸਿਟੀ ਸਿਰ ਕਰਜ਼ੇ ਦਾ ਭਾਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ।ਇੱਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਯੂਨੀਵਰਸਿਟੀ ਵਾਸਤੇ ਸਪੈਸ਼ਲ ਗ੍ਰਾਂਟ ਲੈ ਕੇ ਆਉਣ ਤਾਂ ਜੋ ਯੂਨੀਵਰਸਿਟੀ ਦੀ ਵਿਗੜ ਰਹੀ ਵਿੱਤੀ ਹਾਲਤ ਨੂੰ ਸੁਧਾਰਿਆ ਜਾ ਸਕੇ। ਇਸ ਮੌਕੇ ਹੋਰ ਬੁਲਾਰਿਆਂ ਵਿੱਚ ਡਾ. ਰਾਜਿੰਦਰ ਸਿੰਘ ਚੰਦੇਲ, ਪ੍ਰੋਫੈਸਰ ਵਰਿੰਦਰ ਕੌਸ਼ਿਕ,ਇੰਜੀਨੀਅਰ ਸਿਕੰਦਰ ਸਿੰਘ ਚੀਮਾ ਦੇ ਨਾਲ ਨਾਲ ਸਾਬਕਾ ਪੂਟਾ ਪ੍ਰਧਾਨ ਅਤੇ ਸਕੱਤਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।ਡਾ. ਭੀਮਇੰਦਰ ਵੱਲੋਂ ਧਰਨੇ ਵਿੱਚ ਪੁੱਜੇ ਸਾਰੇ ਅਧਿਆਪਕਾਂ ਦਾ ਅੰਤ ਵਿੱਚ ਧੰਨਵਾਦ ਕੀਤਾ ਗਿਆ।