ਗੁਰਨਾਮ ਸਿੱਧੂ
ਫਿਰੋਜ਼ਪੁਰ 21 ਨਵੰਬਰ 2019: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ਼੍ਰੀਮਤੀ ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਿਆਨ ਉਤਸਵ ਤਹਿਤ ਪ੍ਰਿੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਹਰਸਹਾਏ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਵੈਂਟ ਇੰਚਾਰਜ ਸਾਇੰਸ ਅਧਿਆਪਕ ਅਮਨਦੀਪ ਸਿੰਘ, ਸ਼ਿਵਮ ਵਿਖਾਣਾ ਅਤੇ ਬਲਾਕ ਮੈਂਟਰ ਗਣਿਤ ਗੌਰਵ ਮੁੰਜ਼ਾਲ ਵੱਲੋਂ ਗਿਆਨ ਉਤਸਵ ਮੁਕਾਬਲਿਆਂ ਦੀ ਸਾਰਨੀ ਸਬੰਧੀ ਜਾਣਕਾਰੀ ਦਿੱਤੀ ਗਈ। ਮੁਕਾਬਲਿਆਂ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਲੋਗੋ ਬਣਾ ਕੇ ਕੀਤੀ ਗਈ। ਪ੍ਰਿੰਸੀਪਲ ਸੁਰੇਸ਼ ਕੁਮਾਰ ਅਤੇ ਐੱਸਐਲਏ ਯਸ਼ਪਾਲ ਭਠੇਜਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਗਿਆਨ ਉਤਸਵ ਮੁਕਾਬਲੇ ਅਧੀਨ ਵਿਸ਼ਾ ਪੰਜਾਬੀ, ਵਿਸ਼ਾ ਸਾਇੰਸ, ਕੰਪਰੀਹੈਨਸ਼ਿਵ ਅਚੀਵਮੈਂਟ ਟੈਸਟ, ਅਧਿਆਪਕ ਵੱਲੋਂ ਰਚਿਤ ਮੌਲਿਕ ਲਿਖਤ, ਗਣਿਤ ਅਤੇ ਸਾਇੰਸ ਕੁਇਜ਼ ਅੰਗਰੇਜ਼ੀ ਪੰਜਾਬੀ ਡਿਕਟੇਸ਼ਨ ਪੰਜਾਬੀ ਇਕਾਂਗੀ ਆਦਿ ਮੁਕਾਬਲੇ ਕਰਵਾਏ ਗਏ।