- ਸਿਹਤ ਮੰਤਰੀ ਨੇ ਸੀ-ਡੈੱਕ ਵਿੱਚ ਨੈੱਟਵਰਕ ਤੇ ਕੰਪਿੳੂਟਿੰਗ ਤਕਨਾਲੋਜੀ ਵਿੱਚ ਭਵਿੱਖੀ ਰੁਝਾਨਾਂ ਬਾਰੇ ਦੂਜੀ ਕੌਮਾਂਤਰੀ ਕਾਨਫਰੰਸ ਦਾ ਕੀਤਾ ਉਦਘਾਟਨ
ਐਸ.ਏ.ਐਸ. ਨਗਰ, 22 ਨਵੰਬਰ 2019 - ‘‘ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਹੜਾ ਸੀ-ਡੈੱਕ ਦੀ ਮਦਦ ਨਾਲ ਸਿਹਤ ਸੰਭਾਲ ਖੇਤਰ ਵਿੱਚ ਸੂਚਨਾ ਤਕਨਾਲੋਜੀ (ਆਈ.ਟੀ.) ਦੀ ਵਰਤੋਂ ਕਰ ਰਿਹਾ ਹੈ।’’ ਇਹ ਖੁਲਾਸਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੈੱਕ) ਮੁਹਾਲੀ ਵਿੱਚ ਨੈੱਟਵਰਕ ਤੇ ਕੰਪਿੳੂਟਿੰਗ ਤਕਨਾਲੋਜੀ ਵਿੱਚ ਭਵਿੱਖੀ ਰੁਝਾਨਾਂ ਬਾਰੇ ਕਰਵਾਈ ਜਾ ਰਹੀ ਦੋ ਦਿਨਾਂ ਦੂਜੀ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਡਿਜੀਟਲ ਪੰਜਾਬ ਵਿਜ਼ਨ ਉਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਕਾਨਫਰੰਸ ਨਵੇਂ ਰੁਝਾਨਾਂ ਤੇ ਤਕਨਾਲੋਜੀਆਂ ਬਾਰੇ ਹੈ। ਉਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਸੂਚਨਾ ਹੀ ਨਵਾਂ ਵਿਕਾਸ ਇੰਜਣ ਹੈ ਅਤੇ ਇਹੀ ਮੌਜੂਦਾ ਮੁਕਾਬਲੇ ਦੇ ਯੁੱਗ ਵਿੱਚ ਸਾਰੇ ਅਰਥਚਾਰਿਆਂ ਨੂੰ ਚਲਾਉਂਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਨੈੱਟਵਰਕਿੰਗ ਤੇ ਕੰਪਿਊਟਿੰਗ ਤਕਨਾਲੋਜੀਆਂ ਨੇ ‘ਬਿਗ ਡੇਟਾ’ ਤੇ ‘ਆਰਟੀਫਿਸ਼ਲ ਇੰਟੈਲੀਜੈਂਸ’ ਵਰਗੀਆਂ ਤਕਨਾਲੋਜੀਆਂ ਦੀ ਨੀਂਹ ਰੱਖੀ ਹੈ।
ਇਸ ਕਾਨਫਰੰਸ ਵਿੱਚ ਕੌਮਾਂਤਰੀ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਸੂਚਨਾ ਤਕਨਾਲੋਜੀ ਦੀ ਵਰਤੋਂ ਦੇ ਸੂਬਾ ਸਰਕਾਰ ਦੇ ਏਜੰਡੇ ਨੂੰ ਲਾਗੂ ਕਰਨ ਦਾ ਸਿਹਰਾ ਸੀ-ਡੈੱਕ ਮੁਹਾਲੀ ਨੂੰ ਜਾਂਦਾ ਹੈ। ਉਨਾਂ ਕਿਹਾ ਕਿ ਸੂਬੇ ਦੇ 23 ਹਸਪਤਾਲਾਂ ਵਿੱਚ ਪਿਛਲੇ 15 ਸਾਲਾਂ ਤੋਂ ਸੀ-ਡੈੱਕ ਟੈਲੀਮੈਡੀਸਨਜ਼ ਦੀ ਵਰਤੋਂ ਹੋ ਰਹੀ ਹੈ। ਸਿਹਤ ਸੰਭਾਲ ਖੇਤਰ ਵਿੱਚ ਆਈ.ਟੀ. ਏਜੰਡਾ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਉਨਾਂ ਕਿਹਾ ਕਿ ਸਿਹਤ ਸੰਭਾਲ ਖੇਤਰ ਵਿੱਚ ਆਈ.ਟੀ. ਦੀ ਭੂਮਿਕਾ ਜਲਦੀ ਹੀ ਨਵੇਂ ਦਿਸਹੱਦੇ ਖੋਲੇਗੀ ਅਤੇ ਸੂਬੇ ਦੇ ਕਈ ਹਸਪਤਾਲਾਂ ਦੇ ਕੰਪਿਊਟਰੀਕਰਨ ਵਿੱਚ ਆਉਂਦੇ ਅੜਿੱਕੇ ਦੂਰ ਕਰ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਹ ਕਾਨਫਰੰਸ ਸੀ-ਡੈੱਕ ਮੁਹਾਲੀ ਵੱਲੋਂ ਜੇਪੀ ਯੂਨੀਵਰਸਿਟੀ ਆਫ਼ ਇਨਫਰਮੇਸ਼ਨ ਤਕਨਾਲੋਜੀ (ਜੇ.ਯੂ.ਆਈ.ਟੀ.) ਅਤੇ ਵਕਨਾਘਾਟ, ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਕਾਨਫਰੰਸ ਦੌਰਾਨ ਕਾਰਜਕਾਰੀ ਡਾਇਰੈਕਟਰ ਸੀ-ਡੈੱਕ ਡਾ. ਪੀ.ਕੇ. ਖੋਸਲਾ ਨੇ ਸੀ-ਡੈੱਕ ਦੀਆਂ ਰੋਬੋਟਿਕਸ, ਕੁਆਂਟਮ ਕੰਪਿਊਟਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਟੈਲੀਮੈਡੀਸਨ, ਕਮਰਸ਼ੀਅਲ ਡਰੋਨਜ਼ ਤੇ ਹੋਰ ਗਤੀਵਿਧੀਆਂ ਉਤੇ ਝਾਤ ਪੁਆਈ। ਉਨਾਂ ਕਿਹਾ ਕਿ ਮੌਜੂਦਾ ਸੰਦਰਭ ਵਿੱਚ ਸੁਰੱਖਿਆ ਚੁਣੌਤੀਆਂ ਨੇ ਕਈ ਆਲਮੀ ਮੌਕੇ ਪੈਦਾ ਕੀਤੇ ਹਨ ਅਤੇ ਭਾਰਤ ਦੋਵਾਂ ਹੱਥਾਂ ਨਾਲ ਇਨਾਂ ਮੌਕਿਆਂ ਦਾ ਲਾਭ ਉਠਾਉਣ ਦੇ ਯੋਗ ਹੋਵੇਗਾ।
ਕਾਨਫਰੰਸ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾਇਰੈਕਟਰ ਏ.ਆਈ.ਸੀ.ਟੀ.ਈ. ਡਾਕਟਰ ਆਰ.ਕੇ. ਸੋਨੀ, ਥਾਪਰ ਯੂਨੀਵਰਸਿਟੀ ਤੋਂ ਪ੍ਰੋ. ਰਾਜੇਸ਼ ਖੰਨਾ ਅਤੇ ਪਿ੍ਰੰਸੀਪਲ ਜਨਰਲ ਚੇਅਰ ਸੀ-ਡੈੱਕ ਮੁਹਾਲੀ ਡਾ. ਸੰਜੇ ਸੂਦ ਤੇ ਹੋਰ ਹਾਜ਼ਰ ਸਨ।