- ਸ਼ਹੀਦੀ ਯਾਦਗਾਰ ਭਾਰਤੀ ਫੌਜ ਦੀ ਸੂਰਮਗਤੀ ਨੂੰ ਕਰਾਉਂਦੀ ਹੈ ਅੱਜ ਵੀ ਯਾਦ - ਬਾਜਵਾ
ਬਟਾਲਾ, 1 ਦਸੰਬਰ 2019 - ਸੂਬੇ ਦੇ ਉਚੇਰੀ ਸਿੱਖਿਆ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਬਟਾਲਾ ਸ਼ਹਿਰ ਵਿਖੇ ਹੰਸਲੀ ਨਾਲੇ ਦੇ ਕੋਲ ਸਥਿਤ ਰੋਟਰੀ ਕਲੱਬ ਦੀ ਦੇਖ-ਰੇਖ ਹੇਠ ਬਣੀ ਸ਼ਹੀਦੀ ਸਮਾਰਕ ਨੂੰ ਹੋਰ ਖੂਬਸੂਰਤ ਦਿੱਖ ਦੇਣ ਦੇ ਨਾਲ ਇਸਦਾ ਵਿਕਾਸ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਸ਼ਹਿਰੀ ਇਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਣ। ਅੱਜ ਰੋਟਰੀ ਕਲੱਬ ਦੇ ਸੱਦੇ ਉੱਪਰ ਕੈਬਨਿਟ ਮੰਤਰੀ ਸ. ਬਾਜਵਾ ਵਲੋਂ ਇਸ ਸ਼ਹੀਦੀ ਸਮਾਰਕ ਦਾ ਦੌਰਾ ਕੀਤਾ ਗਿਆ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਯੁੱਧ ਦੇ ਨਾਇਕਾਂ ਦੀ ਯਾਦ ਵਿੱਚ ਬਣੀ ਇਹ ਸ਼ਹੀਦੀ ਯਾਦਗਾਰ ਸਾਨੂੰ ਅੱਜ ਵੀ ਆਪਣੀ ਭਾਰਤੀ ਫੌਜ ਦੀ ਸੂਰਮਗਤੀ ਨੂੰ ਯਾਦ ਕਰਾਉਂਦੀ ਹੈ ਅਤੇ ਆਉਣ ਵਾਲੀਆਂ ਪੁਸਤਾਂ ਵੀ ਇਸ ਯਾਦਗਾਰ ਤੋਂ ਪ੍ਰੇਰਿਤ ਹੁੰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵਲੋਂ ਇਸ ਸ਼ਹੀਦੀ ਯਾਦਗਾਰ ਦੀ ਵਧੀਆ ਢੰਗ ਨਾਲ ਦੇਖ ਰੇਖ ਕੀਤੀ ਜਾ ਰਹੀ ਹੈ ਅਤੇ ਜੋ ਵੀ ਘਾਟਾਂ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਦੂਰ ਕੀਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਇਸ ਸਮਾਰਕ ਵਿੱਚ ਲਾਈਟਾਂ ਲਗਾਈਆਂ ਜਾਣਗੀਆਂ ਅਤੇ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਸਮਾਰਕ ਵਿੱਚ ਫੁੱਲਾਂ ਦੀ ਸੁੰਦਰ ਬਗੀਚੀ ਬਣਾਈ ਜਾਵੇਗੀ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਸਿੱਧੂ, ਸਕੱਤਰ ਵਰੁਣ ਅਗਰਵਾਲ, ਖਜ਼ਾਨਚੀ ਪਰਮਿੰਦਰ ਸਿੰਘ, ਡਾਇਰੈਕਟਰ ਰਾਜੇਸ਼ ਕਵਾਤਰਾ, ਸਿਮਰਤਪਾਲ ਸਿੰਘ ਵਾਲੀਆ, ਪਰਮਜੀਤ ਸਿੰਘ ਗਿੱਲ, ਸੁਨੀਲ ਗਰਗ, ਡਾ. ਸਰਬਜੀਤ ਸਿੰਘ, ਪੀ.ਏ. ਸਿਕੰਦਰ ਸਿੰਘ, ਗੁੱਡੂ ਸੇਠ, ਰਾਜਾ ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ।