ਹਰਦਮ ਮਾਨ
ਸਰੀ, 2 ਦਸੰਬਰ 2019 - ਬੀਤੇ ਦਿਨੀਂ ਸਾਈਮਨ ਫਰੇਜਰ ਯੂਨੀਵਰਸਟੀ ਅਤੇ ਕੁਕਿਟਲਮ ਦੇ ਇਕ ਸਕੂਲ ਦੇ ਵਿਦਿਆਰਥੀ ਦੋ ਵੱਖ ਵੱਖ ਗਰੁੱਪਾਂ ਰਾਹੀਂ ਗੁਰਦਵਾਰਾ ਨਾਨਕ ਨਿਵਾਸ, ਨੰਬਰ 5 ਰੋਡ, ਰਿਚਮੰਡ ਵਿਖੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਨਤਮਸਤਕ ਹੋਏ।
ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਡਾਕਟਰ ਜੇਸਨ ਬਰਾਊਨ ਦੀ ਅਗਵਾਈ ਹੇਠ ਸਾਈਮਨ ਫਰੇਜਰ ਯੂਨੀਵਰਸਟੀ ਤੋਂ ਹਿਊਮੈਨੀਟੀਜ 130 ਕੋਰਸ ਦੀ ਕਲਾਸ ਦੇ 30 ਵਿਦਿਆਰਥੀ ਅਤੇ ਮੰਗਲਵਾਰ ਨੂੰ ਕੁਕਿਟਲਮ ਤੋਂ ਇਕ ਸਕੂਲ ਦੇ ਗਰੇਡ 6, 7 ਅਤੇ 8 ਦੇ 80 ਦੇ ਕਰੀਬ ਵਿਦਿਆਰਥੀ ਅਤੇ ਉਹਨਾਂ ਦੇ ਅਧਿਆਪਕ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿੱਖ ਧਰਮ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ।
ਇਨ੍ਹਾਂ ਵਿਦਿਆਰਥੀਆਂ ਨੇ ਸਿੱਖ ਧਰਮ ਦੇ ਨਾਲ ਨਾਲ ਇੰਡੋ-ਕੈਨੇਡੀਅਨ ਕਮਿਊਨਿਟੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਆਪਣੀ ਜਗਿਆਸਾ ਦੀ ਪੂਰਤੀ ਹਿਤ ਸਵਾਲ ਵੀ ਪੁੱਛੇ।
ਬਲਵੰਤ ਸਿੰਘ ਸੰਘੇੜਾ ਨੇ ਇਹ ਵੀ ਦੱਸਿਆ ਕਿ ਰਿਚਮੰਡ ਵਿਚ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, (ਗੁਰਦੁਆਰਾ ਨਾਨਕ ਨਿਵਾਸ) ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਇਆ ਜਾਵੇ। ਇਸੇ ਸਿਲਸਿਲੇ ਤਹਿਤ ਹੀ ਹਰ ਹਫਤੇ ਵਿਚ ਵੱਖ ਵੱਖ ਸਕੂਲਾਂ, ਕਾਲਜਾਂ ਦੇ ਦੋ ਜਾਂ ਤਿੰਨ ਵਿਦਿਆਰਥੀ ਗਰੁੱਪ ਗੁਰਦਵਾਰਾ ਨਾਨਕ ਨਿਵਾਸ ਵਿਖੇ ਆਉਂਦੇ ਹਨ। ਇਹ ਵਿਦਿਆਰਥੀ ਅੱਜ ਕੱਲ ਦੁਨੀਆਂ ਦੇ ਵਾਤਾਵਰਨ, ਮਨੁੱਖੀ ਹੱਕਾਂ, ਨਸਲਵਾਦ ਅਤੇ ਬਹੁ- ਸੱਭਿਆਚਾਰਕ ਵਰਗੇ ਮਸਲਿਆਂ ਵਿਚ ਕਾਫੀ ਦਿਲਚਸਪੀ ਲੈ ਰਹੇ ਹਨ।