ਮੋਹਾਲੀ, 04 ਦਸੰਬਰ 2019: ਪੰਜਾਬ ਵਿਚ ਸ਼ਿਵ ਸੈਨਾ ਦੇ ਨਾਂ ਉਤੇ ਕਈ ਕਿਸਮ ਦੀਆਂ ਜਾਅਲੀ ਜਥੇਬੰਦੀਆਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਸਿੱਖ ਗੁਰੂਆਂ ਖਿਲਾਫ਼ ਗਲਤ ਸ਼ਬਦਾਵਲੀ ਵਰਤ ਕੇ ਜਾਂ ਕਿਸੇ ਕੱਟੜਪੰਥੀਆਂ ਖਿਲਾਫ਼ ਗਰਮ ਬਿਆਨਬਾਜ਼ੀ ਕਰਕੇ ਪੁਲੀਸ ਸੁਰੱਖਿਆ ਹਥਿਆਉਣਾ ਹੀ ਹੁੰਦਾ ਹੈ। ਜਦਕਿ ਸ਼ਿਵ ਸੈਨਾ (ਬਾਲ ਠਾਕਰੇ) ਹੀ ਇੱਕ ਅਸਲੀ ਪਾਰਟੀ ਹੈ ਜਿਹੜੀ ਕਿ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵੀ ਸ਼ਿਵ ਸੈਨਾ ਪਾਰਟੀ ਕੋਲ ਰਜਿਸਟਰੇਸ਼ਨ ਨਹੀਂ ਹੈ ਅਤੇ ਨਾ ਹੀ ਹੁਣ ਕੋਈ ਰਜਿਸਟਰਡ ਹੋ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਨੇ ਅੱਜ ਮੋਹਾਲੀ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਇੱਥੇ ਮੂਲ ਰੂਪ ਵਿਚ ਮਹਾਂਰਾਸ਼ਟਰ ਦੇ ਬਸ਼ਿੰਦੇ ਵੇਨੂੰ ਗੋਪਾਲਨ ਨੂੰ ਸ਼ਿਵ ਸੈਨਾ (ਬਾਲ ਠਾਕਰੇ) ਦਾ ਉਪ ਪ੍ਰਧਾਨ ਨਿਯੁਕਤੀ ਪੱਤਰ ਦੇਣ ਲਈ ਪਹੁੰਚੇ ਹੋਏ ਸਨ।
ਸ੍ਰੀ ਸ਼ਰਮਾ ਨੇ ਕੁਝ ਹਿੰਦੂ ਜਥੇਬੰਦੀਆਂ ਦੇ ਨਾਂ ਗਿਣਾਉਂਦਿਆਂ ਦੱਸਿਆ ਕਿ ਸ਼ਿਵ ਸੈਨਾ ਪੰਜਾਬ, ਸ਼ਿਵ ਸੈਨਾ ਹਿੰਦ, ਸ਼ਿਵ ਸੈਨਾ ਹਿੰਦੋਸਤਾਨ, ਸ਼ਿਵ ਸੈਨਾ ਸਮਾਜਵਾਦੀ, ਸ਼ਿਵ ਸੈਨਾ ਰਾਸ਼ਟਰਵਾਦੀ ਦੇ ਕੋਲ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਅਤੇ ਇਹ ਸਭ ਜਾਅਲੀ ਜਥੇਬੰਦੀਆਂ ਹਨ ਅਤੇ ਇਹ ਪਾਰਟੀਆਂ ਸਰਕਾਰੀ ਏਜੰਸੀਆਂ ਦਾ ਹੱਥਠੋਕਾ ਹਨ।
ਮਹਾਂਰਾਸ਼ਟਰ ਦੀ ਰਾਜਨੀਤੀ ਬਾਰੇ ਗੱਲਬਾਤ ਕਰਦਿਆਂ ਯੋਗਰਾਜ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਨਾਲ ਦੀਆਂ ਖੇਤਰੀ ਪਾਰਟੀਆਂ ਨੂੰ ਹੜੱਪ ਕਰਨ ਦੀ ਰਾਜਨੀਤੀ ਕਰ ਰਹੀ ਹੈ ਜਿਸ ਨੂੰ ਮਹਾਂਰਾਸ਼ਟਰ ਦੇ ਲੋਕਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਅਤੇ ਊਧਵ ਬਾਲਾ ਸਾਹਿਬ ਠਾਕਰੇ ਦੀ ਅਗਵਾਈ ਵਿਚ ਇਕ ਪ੍ਰਗਤੀਸ਼ੀਲ ਗਠਜੋੜ ਬਣਾ ਕੇ ਸਰਕਾਰ ਦਾ ਗਠਨ ਕੀਤਾ ਗਿਆ। ਸ਼ਿਵ ਸੈਨਾ ਆਪਣੀਆਂ ਨੀਤੀਆਂ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਲੋਕਾਂ ਵਿਚ ਜਾਵੇਗੀ।
ਨਵ-ਨਿਯੁਕਤ ਉਪ-ਪ੍ਰਧਾਨ ਵੇਨੂੰ ਗੋਪਾਲਨ ਨੇ ਸੂਬਾ ਪ੍ਰਧਾਨ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਵੇਨੂੰ ਗੋਪਾਲਨ ਨੂੰ ਆਉਣ ਵਾਲੇ ਸਮੇਂ ਵਿਚ ਚਾਰ-ਪੰਜ ਜ਼ਿਲ੍ਹਿਆਂ ਦੇ ਸ਼ਿਵ ਸੈਨਾ ਦੀਆਂ ਇਕਾਈਆਂ ਨੂੰ ਸਰਗਰਮ ਕਰਨ ਅਤੇ ਲੋਕ ਮਸਲਿਆਂ 'ਤੇ ਪੈਰ੍ਹਾ ਦੇਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਮਹਾਂਰਾਸ਼ਟਰ ਵਿਚ ਹੋਏ ਕਾਂਗਰਸ ਪਾਰਟੀ ਨਾਲ ਹੋਏ ਗਠਜੋੜ ਸਬੰਧੀ ਪੱਤਰਕਾਰਾਂ ਵੱਲੋਂ ਪੁਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਕੋਈ ਅਛੂਤ ਪਾਰਟੀ ਨਹੀਂ ਹੈ। Àਨ੍ਹਾਂ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਮਹਾਂਰਾਸ਼ਟਰ ਵਿਚ ਭਾਜਪਾ ਸਰਕਾਰ ਦੇ ਕਾਰਜਕਾਲ ਮੋਦੀ ਦੀ ਹਿਟਲਰਸ਼ਾਹੀ ਨੀਤੀਆਂ ਕਾਰਨ ਵੱਡੀ ਗਿਣਤੀ ਵਿਚ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਸ ਸਮੇਂ ਸ਼ਿਵ ਸੈਨਾ (ਬਾਲ ਠਾਕਰੇ) ਭਾਵੇਂ ਭਾਜਪਾ ਦੇ ਨਾਲ ਗਠਜੋੜ ਸੀ ਪ੍ਰੰਤੂ ਆਪਣੇ 'ਸਾਮਨਾ' ਅਖ਼ਬਾਰ ਵਿਚ ਮੋਦੀ ਦੀਆਂ ਹਿਟਲਰਸ਼ਾਹੀ ਅਤੇ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਦੀ ਰਹੀ ਹੈ।
ਸੂਬਾ ਪ੍ਰਧਾਨ ਸ੍ਰੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ, ਨਜਾਇਜ਼ ਮਾਈਨਿੰਗ ਨੂੰ ਕੰਟਰੋਲ ਕੀਤਾ ਜਾਵੇ ਤਾਂ ਜੋ ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾ ਸਕੇ।
ਕਾਨਫ਼ਰੰਸ ਵਿਚ ਸੂਬੇ ਦੇ ਜਨਰਲ ਸਕੱਤਰ ਜੋਗਿੰਦਰਪਾਲ ਜੱਗੀ, ਸੀਨੀਅਰ ਉਪ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਵੀਰਾ ਮਸੀਹ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਧਾਨ ਸਟੀਫ਼ਨ ਭੱਟੀ, ਵਿਰਕਮ ਜੌਹਨ, ਡਿਪਟੀ ਮਸੀਹ, ਅੰਕੁਰ ਮਸੀਹ, ਰੌਕੀ ਬਾਵਾ, ਰਣਬੀਰ ਰੰਧਾਵਾ, ਸਤਵੀਰ ਭੰਵਰਾ, ਅਨਿਲ ਕੁਮਾਰ, ਪ੍ਰਿੰਸ, ਜ਼ਿਲ੍ਹਾ ਗੁਰਦਾਸਪੁਰ ਤੋਂ ਸੌਰਵ ਕੁਮਾਰ, ਸੰਜੀਵ ਭਾਸਕਰ, ਨਰੇਂਦਰ ਸ਼ਰਮਾ ਆਦਿ ਵੀ ਹਾਜ਼ਰ ਸਨ।