ਚੰਡੀਗੜ, 05 ਦਸੰਬਰ 2019 - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਐੱਸ.ਵਾਈ.ਐਲ. ਦੇ ਮੁੱਦੇ 'ਤੇ ਪੰਜਾਬ ਸਾਡੀ ਨਰਮੀ ਨੂੰ ਹਲਕੇ ਵਿਚ ਨਾ ਲੇਵੇ। ਜਦੋਂ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਹੈ ਤਾਂ ਇਸ ਦੇ ਲਾਗੂਕਰਨ ਵਿਚ ਹਰ ਵਾਰ ਸੁਪਰੀਮ ਕੋਰਟ ਵਿਚ ਵੀ ਪੰਜਾਬ ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਅੱਜ ਐਸਵਾਈਐਲ ਮੁੱਦੇ 'ਤੇ ਅਧਿਕਾਰੀਆਂ ਦੇ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਕਲ ਨਵੀਂ ਦਿੱਲੀ ਵਿਚ ਕੇਂਦਰੀ ਜਲ ਸਕੱਤਰ ਦੇ ਨਾਲ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਦੀ ਮੀਟਿੰਗ ਹੈ। ਇਸ ਤੋਂ ਇਲਾਵਾ, ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਐਸਵਾਈਐਲ ਮੁੱਦੇ 'ਤੇ ਸੁਪਰੀਮ ਕੋਰਟ ਸ਼ਾਇਦ 3 ਜਨਵਰੀ, 2020 ਨੂੰ ਆਪਣਾ ਆਖਰੀ ਫੈਸਲਾ ਦੇਵੇਗਾ।
ਮੁੱਖ ਮੰਤਰੀ ਨੂੰ ਅਧਿਕਾਰੀਆਂ ਨੂੰ ਇਸ ਗੱਲ ਦੇ ਵੀ ਆਦੇਸ਼ ਦਿੱਤੇ ਕਿ ਪੰਜਾਬ ਸਮੇਤ ਹੋਰ ਗੁਆਂਢੀ ਸੂਬਿਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਦਿੱਲੀ ਨਾਲ ਜਿੰਨੇ ਵੀ ਛੋਟੇ-ਵੱਡੇ ਮੁੱਦੇ ਹਨ, ਉਨਾਂ ਦੀ ਇਕ ਸੂਚੀ ਤਿਆਰ ਕਰਨ। 14 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਉਨਾਂ ਦੀ ਇਕ ਮੀਟਿੰਗ ਤੈਅ ਹਨ। ਉਨਾਂ ਕਿਹਾ ਕਿ ਪਰਾਲੀ ਤੇ ਪ੍ਰਦੂਸ਼ਣ ਦੇ ਮੁੱਦੇ 'ਤੇ ਵੀ ਪੰਜਾਬ-ਹਰਿਆਣਾ ਨੂੰ ਨਿਸ਼ਾਨਾ ਬਣਾ ਕੇ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ।