ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ,10 ਦਸੰਬਰ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਆਰੰਭੇ ਗਏ ਮਿਸ਼ਨ ਤਹਿਤ ਅੰਮ੍ਰਿਤਸਰ ਦੇ ਨਾਮਵਰ ਈ.ਐੱਮ. ਸੀ. ਹਸਪਤਾਲ ਅੰਦਰ ਚੱਲ ਰਹੇ ਡਾਇਲੈਸਿਸ ਸੈਂਟਰ 'ਚ ਟਰੱਸਟ ਵੱਲੋਂ ਇੱਕ ਹੋਰ ਨਵੀਂ ਮਸ਼ੀਨ ਲਾ ਕੇ ਇਸ ਦਾ ਵਿਸਥਾਰ ਕੀਤਾ ਗਿਆ। ਜਿਸ ਦਾ ਉਦਘਾਟਨ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਮਨੀਸ਼ ਕਪੂਰ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ,ਸਹਾਇਕ ਸਕੱਤਰ ਨਵਜੀਤ ਸਿੰਘ ਘਈ ਤੇ ਅਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਈ.ਐੱਮ.ਸੀ. 'ਚ ਹਸਪਤਾਲ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ ਪਿਛਲੇ ਕੁਝ ਸਾਲਾਂ ਤੋਂ ਟਰੱਸਟ ਵੱਲੋਂ 2 ਮਸ਼ੀਨਾਂ ਸਥਾਪਿਤ ਕਰ ਕੇ ਲੋੜਵੰਦ ਮਰੀਜ਼ਾਂ ਦੇ ਨਾ-ਮਾਤਰ ਭਾਅ ਤੇ ਡਾਇਲੈਸਿਸ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਟਰੱਸਟ ਰਾਹੀਂ 35 ਦੇ ਕਰੀਬ ਗੁਰਦਾ ਰੋਗ ਤੋਂ ਪੀੜਤ ਮਰੀਜ਼ ਆਉਂਦੇ ਹਨ, ਜਿਨ੍ਹਾਂ ਦੇ ਇੱਕ ਮਹੀਨੇ ਅੰਦਰ ਕਰੀਬ 200 ਤੱਕ ਡਾਇਲੈਸਿਸ ਕਰਨ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਸ ਡਾਇਲੈਸਿਸ ਸੈਂਟਰ ਦਾ ਵਿਸਥਾਰ ਕਰਦਿਆਂ ਟਰੱਸਟ ਵੱਲੋਂ ਇੱਥੇ ਇੱਕ ਹੋਰ ਡਾਇਲੈਸਿਸ ਮਸ਼ੀਨ ਦੀ ਸਥਾਪਨਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਅੰਦਰ ਵੀ ਲੋੜਵੰਦ ਮਰੀਜ਼ਾਂ ਨੂੰ ਡਾਇਲੈਸਿਸ ਕਿੱਟ ਮੁਫ਼ਤ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਪਾਸਪੋਰਟ ਅਫ਼ਸਰ ਮਨੀਸ਼ ਕਪੂਰ ਅਤੇ ਈ.ਐੱਮ.ਸੀ.ਗਰੁੱਪ ਦੇ ਡਾਇਰੈਕਟਰ ਪਵਨ ਅਰੋੜਾ,ਮੀਨੂ ਅਰੋੜਾ ਤੋਂ ਇਲਾਵਾ ਗੁਰਦਾ ਰੋਗਾਂ ਦੇ ਮਾਹਿਰ ਡਾ. ਹਰਸ਼ਰਨ ਕੌਰ ਨੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਕੀਤੇ ਜਾ ਰਹੇ। ਇਸ ਉਪਰਾਲੇ ਲਈ ਡਾ.ਐੱਸ.ਪੀ.ਸਿੰਘ ਓਬਰਾਏ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਤੋਂ ਇਲਾਵਾ ਹੋਰਨਾਂ ਖੇਤਰ 'ਚ ਵੀ ਕੀਤੇ ਜਾ ਵੱਡੇ ਮਿਸਾਲੀ ਸੇਵਾ ਕਾਰਜਾਂ ਨਾਲ ਲੋੜਵੰਦ ਲੋਕਾਂ ਨੂੰ ਵੱਡਾ ਲਾਭ ਪਹੁੰਚ ਰਿਹਾ ਹੈ ।
ਇਸ ਮੌਕੇ ਸੁਖਵਿੰਦਰ ਸਿੰਘ ਸੰਧੂ, ਰਛਪਾਲ ਸਿੰਘ, ਡਾ.ਪ੍ਰਿੰਸਰਾਜਦੀਪ ਸਿੰਘ, ਜੀਤ ਸਿੰਘ, ਜਗਤਾਰ ਸਿੰਘ (ਟੈਕਨੀਸ਼ੀਅਨ) ਆਦਿ ਵੀ ਮੌਜੂਦ ਸਨ ।