ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 10 ਦਸੰਬਰ :ਕਰੀਬ ਡੇਢ ਸਾਲ ਪਹਿਲਾਂ ਵਾਪਰੇ ਚਰਚਿਤ ਰੇਲ ਹਾਦਸੇ ਦੇ ਪੀੜਤਾਂ ਨੂੰ ਹਾਲੇ ਵੀ ਇਨਸਾਫ਼਼ ਨਹੀਂ ਮਿਲਿਆ, ਜਿਸ ਕਾਰਨ ਸਰਕਾਰ ਵੱਲੋਂ ਨਾ ਤਾਂ ਅਜੇ ਤੱਕ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਨਾ ਹੀ ਉਦਾਸਾਂ ਨਾਲ ਕੀਤੇ ਵਾਅਦੇ ਹੀ ਸਰਕਾਰ ਵੱਲੋਂ ਵਾਅਦੇ ਪੂਰੇ ਕੀਤੇ ਗਏ ਹਨ। ਇਹ ਦੋਸ਼ ਅੱਜ ਇੱਥੇ ਭੰਡਾਰੀ ਪੁਲ 'ਤੇ ਧਰਨਾ ਦਿੰਦਿਆਂ ਪੀੜਤ ਪਰਿਵਾਰਾਂ ਨੇ ਲਾਏ। ਇਸ ਮੌਕੇ ਪੀੜਤ ਦੀਪਕ ਕੁਮਾਰ ਨੇ ਦੱਸਿਆ ਕਿ ਉਹਦਾ 16 ਸਾਲਾਂ ਪੁੱਤਰ ਸਚਿਨ ਇਸ ਹਾਦਸੇ ਦੀ ਭੇਟ ਚੜ ਗਿਆ ਸੀ। ਇਸ ਮੌਕੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰੇਕ ਮ੍ਰਿਤਕ ਦੇ ਆਸ਼ਰਿਤ ਨੂੰ ਸਰਕਾਰੀ ਨੌਕਰੀ ਮਿਲੇਗੀ ਤੇ ਹਾਦਸੇ ਲਈ ਜ਼ੁੰਮੇਵਾਰਾਂ ਨੂੰ ਸਜਾ ਵੀ ਮਿਲੇਗੀ | ਇਸ ਸਬੰਧੀ ਸਰਕਾਰ ਨੇ ਨਾ ਤਾਂ ਅਜੇ ਤੱਕ ਕਿਸੇ ਨੂੰ ਫੜ ਕੇ ਅੰਦਰ ਹੀ ਦਿੱਤਾ ਤੇ ਨਾ ਹੀ ਕਿਸੇ ਨੂੰ ਜ਼ਿੰਮੇਵਾਰ ਠਹਿਰਾ ਕੇ ਸਜਾ ਹੀ ਦਿੱਤੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਰੋਸ ਪ੍ਰਦਰਸ਼ਨ ਕਰ ਰਹੇ ਚੁੱਕੇ ਹਨ ਅਤੇ ਇਸ ਸਬੰਧੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਮੂਹਰੇ ਧਰਨਾ ਵੀ ਦੇ ਚੁੱਕੇ ਹਨ। ਇਸ ਮੌਕੇ ਵਿਜੈ ਕੁਮਾਰ, ਨੰਦ ਕਿਸ਼ੋਰ ਆਦਿ ਨੇ ਕਿਹਾ ਕਿ ਉਹ ਆਪਣਾ ਰੋਸ ਧਰਨਾ ਓਨੀ ਦੇਰ ਤੱਕ ਜਾਰੀ ਰੱਖਣਗੇ ਜਿੰਨਾ ਚਿਰ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲ ਜਾਂਦਾ | ਇਸ ਮੌਕੇ ਨਾਇਬ ਤਹਿਸੀਲਦਾਰ ਲਛਮਣ ਸਿੰਘ ਵੱਲੋਂ ਮੌਕੇ 'ਤੇ ਪੁੱਜ ਕੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਸਰਕਾਰ ਨੂੰ ੂ ਰਿਪੋਰਟ ਭੇਜੀ ਗਈ ਹੈ, ਜਿਸ 'ਤੇ ਜਲਦ ਹੀ ਪੀੜਤਾਂ ਨੂੰ ਨਿਆਂ ਮਿਲੇਗਾ।