ਜੀ ਐੱਸ ਪੰਨੂ
ਪਟਿਆਲਾ 14,ਦਸੰਬਰ 2019 : ਸਥਾਨਕ ਨਹਿਰੂ ਪਾਰਕ ਵਿੱਚ ਮਿਡ ਡੇ ਮੀਲ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਪੰਜਾਬ ਦੇ ਖ਼ਿਲਾਫ਼ ਨਾਅਰੇ ਬਾਜ਼ੀ ਕੀਤੀ ਗਈ ਅਤੇ ਇਸ ਉਪਰੰਤ ਬੱਸ ਸਟੈਂਡ ਦੇ ਸਾਹਮਣੇ ਖ਼ਾਲੀ ਖ਼ਜ਼ਾਨਾ ਮੰਤਰੀ ਦਾ ਪੁਤਲਾ ਫੂਕਿਆ ਗਿਆ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪਿੰਕੀ ਰਾਣੀ ਨੇ ਕਿਹਾ ਕਿ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ। 12 ਮਹੀਨੇ ਕੰਮ ਕਰਨ ਤੋਂ ਬਾਅਦ ਸਿਰਫ਼ 10 ਮਹੀਨੇ ਹੀ ਤਨਖ਼ਾਹ ਦਿੱਤੀ ਜਾਂਦੀ ਹੈ ਅਤੇ ਤਨਖ਼ਾਹ ਦੇ ਨਾਂ ਤੇ ਵੀ ਸਰਕਾਰ ਵੱਲੋਂ ਕੋਝਾ ਮਜ਼ਾਕ ਕੀਤਾ ਜਾਂਦਾ ਹੈ। ਮਿਡ ਡੇ ਮੀਲ ਵਰਕਰਾਂ ਨੂੰ ਸਾਰਾ ਦਿਨ ਸਕੂਲ ਵਿੱਚ ਕੰਮ ਕਰਨ ਤੋਂ ਬਾਅਦ ਮਾਤਰ 1700 ਰੁ ਤਨਖ਼ਾਹ ਨਸੀਬ ਹੁੰਦੀ ਹੈ। ਪਿਛਲੇ ਲੰਬੇ ਅਰਸੇ ਤੋਂ ਕੀਤੇ ਜਾ ਰਹੇ ਸੰਘਰਸ਼ ਸਦਕਾ ਸਿੱਖਿਆ ਵਿਭਾਗ ਵੱਲੋਂ ਵਰਕਰਾਂ ਦੀ ਤਨਖ਼ਾਹ ਵਾਧੇ ਸੰਬੰਧੀ ਪ੍ਰਪੋਜਲ ਵਿੱਤ ਵਿਭਾਗ ਨੂੰ ਭੇਜੀ ਗਈ ਸੀ ਜੋ ਕਿ ਵਿੱਤ ਮੰਤਰੀ ਵੱਲੋਂ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਬਣਾ ਕੇ ਰੋਕ ਲਗਾ ਦਿੱਤੀ ਹੈ। ਇਸ ਦੇ ਖ਼ਿਲਾਫ਼ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 19 ਜਨਵਰੀ ਨੂੰ ਪੰਜਾਬ ਭਰ ਤੋਂ ਹਜ਼ਾਰਾਂ ਮਿਡ ਡੇ ਮੀਲ ਵਰਕਰ ਵਿੱਤ ਮੰਤਰੀ ਦੇ ਹਲਕੇ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਰੋਸ ਜਾਹਰ ਕਰਨਗੇ।
ਇਸ ਮੌਕੇ ਡੀ.ਐਮ.ਐਫ ਆਗੂ ਪ੍ਰਵੀਨ ਜੋਗੀਪੁਰ ਤੇ ਗੁਰਜੀਤ ਘੱਗਾ ਨੇ ਸੰਬੋਧਨ ਕਰਦਿਆਂ ਮੰਗ ਰੱਖੀ ਕੇ ਮਿਡ ਡੇ ਮੀਲ ਅਤੇ ਪਾਰਟ ਟਾਈਮ ਸਫ਼ਾਈ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਕਨੂੰਨ ਹੇਠ ਲਿਆ ਕੇ ਪ੍ਰਤੀ ਮਹੀਨਾ ਘਟੋਂ-ਘੱਟ 8403 ਰੁ ਅਤੇ 7623 ਰੁ ਤਨਖ਼ਾਹ ਦਿੱਤੀ ਜਾਵੇ ਤੇ ਉਨ੍ਹਾਂ ਮੰਗ ਕੀਤੀ ਕਿ ਜੋ ਮਿਡ ਡੇ ਮੀਲ ਵਰਕਰ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਮੁਲਾਜ਼ਮ ਮੰਨ ਕੇ ਪੱਕਾ ਕੀਤਾ ਜਾਵੇ। ਇਸ ਮੌਕੇ ਭਰਤ ਕੁਮਾਰ, ਚਰਨਜੀਤ ਕੌਰ, ਕੁਸਮ,ਰੇਣੂ,ਕਮਲੇਸ਼,ਰਾਜ ਰਾਣੀ,ਸੀਮਾ,ਲੱਛਮੀ ਰਾਣੀ, ਗੁਰਜੀਤ,ਆਸ਼ਾ ਆਦਿ ਵੀ ਹਾਜ਼ਰ ਰਹੇ ।