ਭਾਸ਼ਾ, ਸੱਤਾ, ਸਮਾਜ ਬਾਰੇ ਪੰਜਾਬੀ ਟ੍ਰਿਬਿਊਨ 'ਚ ਛਪੀ ਸੰਪਾਦਕੀ ਹੇਠ ਪੜ੍ਹੋ :-
ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਇਕ ਮੰਤਰੀ ਵੱਲੋਂ ਅਧਿਆਪਕਾਂ ਪ੍ਰਤੀ ਗ਼ਾਲ੍ਹਾਂ ਵਾਲੀ ਭਾਸ਼ਾ ਲਈ ਮੁਆਫ਼ੀ ਮੰਗੀ ਸੀ। ਜਾਖੜ ਨੇ ਕਿਹਾ ਸੀ ਕਿ ਇਹ ਅਤਿਅੰਤ ਮਾੜੀ ਗੱਲ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਦੂਸਰਿਆਂ ਦਾ ਅਪਮਾਨ ਕਰਨ ਦਾ ਹੱਕ ਨਹੀਂ ਹੈ। ਇਸ ਸਬੰਧ ਵਿਚ ਵੱਖ ਵੱਖ ਅਧਿਆਪਕ ਜਥੇਬੰਦੀਆਂ ਨੇ ਮੰਤਰੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਡੈਮੋਕ੍ਰੇਟਿਕ ਟੀਚਰ ਫਰੰਟ ਅਤੇ ਐੱਸਐੱਸਏ/ਆਰਐੱਮਐੱਸਏ ਟੀਚਰ ਯੂਨੀਅਨ ਨੇ ਮੰਤਰੀ ਦੀ ਭਾਸ਼ਾ ਦਾ ਵਿਰੋਧ ਕਰਦਿਆਂ ਉਸ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ। ਸਬੰਧਿਤ ਮੰਤਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਪੁਲੀਸ ਅਧਿਕਾਰੀ ਨਾਲ ਨਸ਼ਿਆਂ ਦੇ ਫੈਲਾਓ ਬਾਰੇ ਗੱਲ ਕਰ ਰਿਹਾ ਸੀ।
ਭਾਸ਼ਾ ਸਾਡੇ ਵਿਚਾਰਾਂ ਨੂੰ ਹੀ ਨਹੀਂ ਪ੍ਰਗਟਾਉਂਦੀ ਸਗੋਂ ਸਾਡੀ ਮਾਨਸਿਕਤਾ ਨੂੰ ਵੀ ਉਜਾਗਰ ਕਰਦੀ ਹੈ। ਮਸ਼ਹੂਰ ਚਿੰਤਕ ਲੁਡਵਿਗ ਵਿਟਜਨਸਟਾਈਨ ਨੇ ਕਿਹਾ ਸੀ ਕਿ ਕਿਸੇ ਵੀ ਬੰਦੇ ਦਾ ਮਾਨਸਿਕ ਸੰਸਾਰ ਓਨਾ ਹੀ ਵਿਸ਼ਾਲ ਹੋ ਸਕਦਾ ਹੈ, ਜਿੰਨੀ ਉਸ ਦੀ ਭਾਸ਼ਾ। ਭਾਸ਼ਾ ਮਨੁੱਖ ਦੀਆਂ ਇਖ਼ਲਾਕੀ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਤਰਜਮਾਨ ਵੀ ਹੁੰਦੀ ਹੈ। ਹੋਰਨਾਂ ਸਮਾਜਾਂ ਵਾਂਗ ਪੰਜਾਬੀ ਸਮਾਜ ਵਿਚ ਵੀ ਗ਼ਾਲ੍ਹਾਂ ਦਾ ਆਪਣਾ ਉਪ-ਸੱਭਿਆਚਾਰ ਤੇ ਸੰਸਾਰ ਹੈ; ਇਸ ਉਪ-ਸੱਭਿਆਚਾਰ ਦੇ ਸੰਸਾਰ ਵਿਚ ਵਰਤੀ ਜਾਂਦੀ ਭਾਸ਼ਾ ਮਰਦ-ਪ੍ਰਧਾਨ ਸੋਚ-ਸਮਝ ਦੀ ਬਹੁਤ ਹੀ ਗੰਦੀ ਮਿਸਾਲ ਪੇਸ਼ ਕਰਦੀ ਹੈ ਕਿਉਂਕਿ ਗ਼ਾਲ੍ਹਾਂ ਦਾ ਨਿਸ਼ਾਨਾ ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ ਬਣਦੀਆਂ ਹਨ। ਉਨ੍ਹਾਂ ਗ਼ਾਲ੍ਹਾਂ ਵਿਚੋਂ ਔਰਤਾਂ ਪ੍ਰਤੀ ਹਿਕਾਰਤ ਅਤੇ ਉਨ੍ਹਾਂ ਨੂੰ ਨੀਵੇਂ ਸਮਝਣ ਦੀ ਮਾਨਸਿਕਤਾ ਸਾਹਮਣੇ ਆਉਂਦੀ ਹੈ। ਸਮਾਜ ਵਿਚ ਕਿਸੇ ਵੀ ਵਰਤਾਰੇ ਵਿਰੁੱਧ ਬੋਲਣ ਦਾ ਹਰ ਕਿਸੇ ਨੂੰ ਹੱਕ ਹੈ ਪਰ ਉਹਦੇ ਲਈ ਉਚਿਤ ਤੇ ਸਮਰੱਥ ਭਾਸ਼ਾ ਵਰਤਣੀ ਚਾਹੀਦੀ ਹੈ। ਖ਼ਬਰਾਂ ਅਨੁਸਾਰ ਮੰਤਰੀ ਦੁਆਰਾ ਵਰਤੀ ਗਈ ਭਾਸ਼ਾ ਪੰਜਾਬ ਦੇ ਵੱਡੇ ਸਿਆਸੀ ਆਗੂ ਹੋਣ ਦੇ ਕੱਦ ਦੀ ਨਹੀਂ। ਸਿਆਸੀ ਆਗੂਆਂ ਨੂੰ ਇਹ ਸਮਝਣ ਦੀ ਵੀ ਜ਼ਰੂਰਤ ਹੈ ਕਿ ਅਸੀਂ ਪੜ੍ਹੇ-ਲਿਖੇ ਤੇ ਆਧੁਨਿਕ ਸਮਾਜ ਵਿਚ ਰਹਿੰਦੇ ਹਾਂ; ਉਹ (ਸਿਆਸੀ ਆਗੂ) ਕੁਝ ਚਿਰ ਲਈ ਤਾਂ ਲੋਕਾਂ ਨੂੰ ਬੇਵਕੂਫ਼ ਬਣਾ ਸਕਦੇ ਹਨ ਪਰ ਹਮੇਸ਼ਾ ਨਹੀਂ। ਪੰਜਾਬ ਦੇ ਪੜ੍ਹੇ-ਲਿਖੇ ਲੋਕ ਪ੍ਰਸਿੱਧ ਮਨੋਵਿਗਿਆਨੀ ਸਿਗਮੰਡ ਫਰਾਇਡ ਦੇ ਉਸ ਮਸ਼ਹੂਰ ਕਥਨ ਤੋਂ ਜਾਣੂ ਹਨ ਜਿਸ ਵਿਚ ਉਸ ਨੇ ਕਿਹਾ ਸੀ ਕਿ ਜ਼ਬਾਨ ਦੇ ਤਿਲ੍ਹਕਣ ਨਾਲ ਮੂੰਹ ’ਚੋਂ ਨਿਕਲੀ ਗੱਲ ਸਾਡੇ ਅਵਚੇਤਨ ਤੇ ਅਸਲੀ ਮਾਨਸਿਕਤਾ ਦੀ ਤਰਜਮਾਨੀ ਕਰਦੀ ਹੈ। ਗ਼ਾਲ੍ਹਾਂ ਭਰੀ ਭਾਸ਼ਾ ਜਾਂ ਜ਼ਬਾਨ ਦੇ ਤਿਲ੍ਹਕਣ ਨਾਲ ਮੂੰਹ ’ਚੋਂ ਨਿਕਲੀ ਗ਼ਾਲ੍ਹ ਸਾਡੀ ਅੰਦਰਲੀ ਘਿਨਾਉਣੀ ਮਾਨਸਿਕਤਾ ਤੋਂ ਸਿਵਾਏ ਕਿਸੇ ਹੋਰ ਚੀਜ਼ ਦਾ ਪ੍ਰਗਟਾਓ ਨਹੀਂ ਹੋ ਸਕਦੀ।
ਜਾਗੀਰਦਾਰੀ ਕਦਰਾਂ-ਕੀਮਤਾਂ ਵਾਲੇ ਸਮਾਜ ਵਿਚ ਮਰਦਾਨਗੀ ਤੇ ਮਰਦ-ਪ੍ਰਧਾਨ ਸੋਚ ਨੂੰ ਪਹਿਲ ਦਿੱਤੀ ਜਾਂਦੀ ਸੀ। ਗ਼ਾਲ੍ਹਾਂ ਦਾ ਇਹ ਸੱਭਿਆਚਾਰ ਜਾਗੀਰਦਾਰੀ ਮਾਹੌਲ ਵਿਚ ਹੀ ਪਲ-ਪਸਰ ਕੇ ਜਵਾਨ ਹੋਇਆ ਹੈ। ਅੱਜ ਦੇ ਸਮਿਆਂ ਵਿਚ ਜਦ ਔਰਤਾਂ ਬਰਾਬਰੀ ਲਈ ਸੰਘਰਸ਼ ਕਰ ਰਹੀਆਂ ਹਨ ਤਾਂ ਇਸ ਤਰ੍ਹਾਂ ਦੀ ਭਾਸ਼ਾ ਅਤੇ ਸੋਚ ਦਾ ਵਿਰੋਧ ਕਰਨਾ ਵੀ ਉਸ ਵੱਡੀ ਲੜਾਈ ਦਾ ਹਿੱਸਾ ਹੈ ਜੋ ਸਮਾਜਿਕ ਬਰਾਬਰੀ ਲਈ ਲੜੀ ਜਾ ਰਹੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਮਨੁੱਖ ਆਪਣੇ ਸਮੇਂ ਦੇ ਸਮਾਜ ਦੀ ਸੋਚ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਇਸੇ ਕਾਰਨ ਅੱਜ ਵੀ ਪੰਜਾਬ ਦੇ ਮਰਦ ਇਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਉਹ ਗ਼ਾਲ੍ਹਾਂ ਕੱਢਦੇ ਹਨ ਜਿਨ੍ਹਾਂ ਵਿਚ ਆਪਣੀਆਂ ਹੀ ਮਾਵਾਂ, ਭੈਣਾਂ ਤੇ ਧੀਆਂ ਦੀ ਬੇਇੱਜ਼ਤੀ ਹੁੰਦੀ ਹੈ ਕਿਉਂਕਿ ਉਹ ਅਜਿਹੇ ਸਮਾਜ ਵਿਚ ਜੰਮੇ-ਪਲੇ ਹਨ ਜਿਸ ਵਿਚ ਜਾਗੀਰਦਾਰੀ ਕੀਮਤਾਂ ਮਾਨਿਸਕ ਪੱਧਰ ’ਤੇ ਅਜੇ ਵੀ ਹਾਵੀ ਹਨ। ਇਸ ਵਰਤਾਰੇ ਵਿਰੁੱਧ ਲੜਾਈ ਬੜੀ ਚੇਤਨਤਾ ਤੇ ਜਾਗਰੂਕਤਾ ਨਾਲ ਲੜੀ ਜਾਣੀ ਚਾਹੀਦੀ ਹੈ ਕਿਉਂਕਿ ਸਾਨੂੰ ਇਹ ਲੜਾਈ ਆਪਣੇ ਅਵਚੇਤਨ ਵਿਚ ਵਸੇ ਹੋਏ ਸੰਸਕਾਰਾਂ ਨੂੰ ਕੱਢਣ ਲਈ ਲੜਨੀ ਪੈਣੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਭਾਵੇਂ ਇਸ ਬਾਰੇ ਅਫ਼ਸੋਸ ਜ਼ਾਹਿਰ ਕੀਤਾ ਹੈ ਪਰ ਚਾਹੀਦਾ ਤਾਂ ਇਹ ਸੀ ਕਿ ਸਬੰਧਿਤ ਮੰਤਰੀ ਵੀ ਇਸ ਸਬੰਧ ਵਿਚ ਇਸੇ ਤਰ੍ਹਾਂ ਨਾਲ ਸੋਚਦਾ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਭਾਸ਼ਾ ਨਾ ਵਰਤਣ ਦਾ ਇਕਰਾਰ ਕਰਦਾ। ਇਹੋ ਜਿਹੀ ਭਾਸ਼ਾ, ਜਿਹੜੀ ਔਰਤਾਂ ਨੂੰ ਦਾਬੇ ਵਿਚ ਰੱਖਣ ਵਾਲੀ ਸੋਚ ਦੀ ਪ੍ਰਤੀਕ ਹੈ, ਦਾ ਸਮੂਹਿਕ ਪੱਧਰ ’ਤੇ ਵਿਰੋਧ ਹੋਣਾ ਚਾਹੀਦਾ ਹੈ।