ਬਲਾਚੌਰ, 13 ਜਨਵਰੀ,2020: ਨੇੜਲੇ ਪਿੰਡ ਮਾਲੇਵਾਲ ਵਿਖੇ ਸਮੂਹ ਗ੍ਰਾਮ ਪੰਚਾਇਤ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਸਾਂਸਦ ਮਨੀਸ਼ ਤਿਵਾੜੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ 'ਤੇ ਪਿੰਡ ਦੀਆਂ ਪੰਜ ਬੱਚੀਆਂ ਨੂੰ 51-51 ਸੌ ਰੁਪਏ ਸ਼ਗਨ ਵਜੋਂ ਦਿੱਤੇ ਗਏ।
ਇਸ ਮੌਕੇ 'ਤੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਹੈ, ਜੋ ਕਿ ਪੂਰੇ ਦੇਸ਼ ਵਿਚ ਮਨਾ ਕੇ ਅਪਣੀ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਹੈ। ਸਾਂਸਦ ਮਨੀਸ਼ ਤਿਵਾੜੀ ਨੇ ਦੱਸਿਆ ਕਿ ਕਈ ਥਾਂਵਾਂ 'ਤੇ ਕਿਹਾ ਜਾਂਦਾ ਹੈ ਕਿ ਇਹ ਤਿਉਹਾਰ ਸਿਰਫ ਮੁੰਡਿਆਂ ਦੇ ਹੱਕ ਵਿਚ ਹੀ ਮਨਾਇਆ ਜਾਂਦਾ ਹੈ, ਪਰ ਨਹੀਂ ਅਸਲ ਵਿਚ ਇਹ ਤਿਉਹਾਰ ਹੀ ਦੇਸ਼ ਦੀਆਂ ਧੀਆਂ ਨਾਲ ਸਬੰਧਤ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਨਪੜ੍ਹਤਾ ਜਿਆਦਾ ਹੁੰਦੀ ਸੀ ਅਤੇ ਲੋਕ ਸਮਝ ਨਹੀਂ ਸਕੇ, ਪਰ ਅੱਜ ਦੇ ਯੁੱਗ ਵਿਚ ਪੜ੍ਹਿਆ-ਲਿਖਿਆ ਸਮਾਜ ਹੋਣ ਕਾਰਨ ਮੁੰਡੇ ਅਤੇ ਧੀਆਂ ਵਿਚ ਕਿਸੇ ਕਿਸਮ ਦਾ ਫਰਕ ਨਾ ਸਮਝਦਾ ਹੋਇਆ ਮੁੰਡੇ ਅਤੇ ਧੀਆਂ ਦੇ ਸਬੰਧ ਵਿਚ ਬਰਾਬਰਤਾ ਵਾਲਾ ਲੋਹੜੀ ਤਿਉਹਾਰ ਮਨਾਇਆ ਜਾਂਦਾ ਹੈ। ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਨੂੰ ਮੁੰਡੇ ਅਤੇ ਧੀ ਦੇ ਫਰਕਵਾਦ ਤੋਂ ਉਪਰ ਉਠਕੇ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ।
ਇਸ ਮੌਕੇ 'ਤੇ ਬਲਾਚੌਰ ਤੋਂ ਐਮਐਲਏ ਦਰਸ਼ਨ ਲਾਲ ਮੰਗੂਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਕੰਮ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡਾਂਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਮਾਲੇਵਾਲ ਦੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਵਾਇਆ ਗਿਆ ਹੈ। ਜਿਸ ਤੋਂ ਇਲਾਵਾ ਪਿੰਡ ਦੇ ਵਿਕਾਸ ਲਈ ਤਿੰਨ ਲੱਖ ਦਾ ਚੈਕ ਸਾਂਸਦ ਮਨੀਸ਼ ਤਿਵਾੜੀ ਤੇ ਐਮਐਲਏ ਦਰਸ਼ਨ ਲਾਲ ਮੰਗੂਪੁਰ ਨੇ ਪਿੰਡ ਦੇ ਸਰਪੰਚ ਦਰਸ਼ਨ ਲਾਲ ਨੂੰ ਭੇਂਟ ਕੀਤਾ।
ਇਸ ਮੌਕੇ 'ਤੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਚੇਅਰਮੈਨ ਸ਼੍ਰੀ ਪਵਨ ਦੀਵਾਨ, ਸਰਪੰਚ ਦਰਸ਼ਨ ਲਾਲ, ਸਾਬਕਾ ਸਰਪੰਚ ਓਮ ਪ੍ਰਕਾਸ਼, ਸੰਦੀਪ ਭਾਟੀਆ, ਅਜੈ ਚੌਧਰੀ, ਮਦਨ ਲਾਲਾ ਹਕਲਾ, ਸੁਰਜੀਤ ਭੁਮਲਾ, ਅਜੀਤ ਸਿੰਘ ਰੇਡੀਅਨ, ਤੇਲੂ ਰਾਮ ਕਟਾਰੀਆ, ਪਿੰਡ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ।