ਮੁਕਤਸਰ ਸਾਹਿਬ ਵਿਖੇ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਨਿਭਾਈਆਂ ਅਹਿਮ ਸੇਵਾਵਾਂ ਨਾਲ ਸੰਬੰਧਤ ਤਸਵੀਰਾਂ
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰਾਂ ਵਲੋਂ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ਮੌਕੇ ਅਹਿਮ ਸੇਵਾਵਾਂ ਨਿਭਾਈਆਂ ਗਈਆ। ਜਾਣਕਾਰੀ ਦਿੰਦਿਆਂ ਬੜੂ ਸਾਹਿਬ ਟਰੱਸਟ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ, ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਤਹਿਗੜ੍ਹ ਸਾਹਿਬ, ਵੱਡੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਚਮਕੌਰ ਸਾਹਿਬ ਅਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਦੇ ਅਸ਼ੀਰਵਾਦ ਸਦਕਾ ਵੱਖ-ਵੱਖ ਸੇਵਾਵਾਂ ਪੂਰੀ ਸ਼ਿੱਦਤ ਅਤੇ ਮਿਹਨਤ ਨਾਲ ਨਿਭਾਈਆਂ ਗਈਆਂ ਸਨ । ਬੜੂ ਸਾਹਿਬ ਟਰੱਸਟ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਦੱਸਿਆ ਕਿ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ੧੨ ਜਨਵਰੀ ਤੋਂ ੧੪ ਜਨਵਰੀ ਤੱਕ ਜਿੱਥੇ ਸਫਾਈ, ਬਿਜਲੀ, ਪਲੰਬਿੰਗ ਮੈਨਟੇਂਸ ਆਦਿ ਸੇਵਾਵਾਂ ਬੜੂ ਸਾਹਿਬ ਦੇ ਸੇਵਾਦਾਰਾਂ, ਇਲੈਕਟ੍ਰੀਸ਼ਨਾਂ ਅਤੇ ਪਲੰਬਰਾਂ ਵਲੋਂ ਤਨਦੇਹੀ ਨਾਲ ਨਿਭਾਈ ਗਈ, ਓਥੇ ਨਾਲ ਹੀ ਬੜੂ ਸਾਹਿਬ ਦੇ ਅਨਾਹਦ ਬਾਣੀ ਜਥੇ ਨੇ ਪੁਰਤਾਨ ਤੰਤੀ ਸ਼ਾਜਾਂ ਰਾਂਹੀ ਕੀਰਤਨ ਕਰਕੇ ਅਤੇ ਬੜੂ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਂਹੀ ਵੀ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਜਗਜੀਤ ਸਿੰਘ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਹਵੀ ਸਦੀ ਦੇ ਮਹਾਨ ਤਪੱਸਵੀ ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਜਿੱਥੇ ੮ ਅਤੇ ੯ ਫਰਵਰੀ ਨੂੰ ਨਵੀਂ ਦਿੱਲੀ ਕਰਵਾਇਆ ਜਾ ਰਿਹਾ ਹੈ, ਓਥੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ੧੫ ਤੌਂ ੧੭ ਮਾਰਚ ਤੱਕ ਚੀਮਾ ਸਾਹਿਬ ਵਿਖੇ ਵੀ ਸੰਤ ਬਾਬਾ ਅਤਰ ਸਿੰਘ ਦਾ ਅਵਤਾਰ ਦਿਹਾੜਾ ਬੜੂ ਸਾਹਿਬ ਟਰੱਸਟ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ।