ਮਾਨਸਾ, 23 ਜਨਵਰੀ 2020: ਬੇਟੀ ਬਚਾਓ, ਬੇਟੀ ਪੜਾਓ ਅਭਿਆਨ ਤਹਿਤ ਜਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ 21 ਜਨਵਰੀ ਤੋਂ 26 ਜਨਵਰੀ 2020 ਤੱਕ ਬੇਟੀ ਬਚਾਓ, ਬੇਟੀ ਪੜਾਓ ਸਪਤਾਹ ਵਜੋਂ ਮਨਾਈਆ ਜਾ ਰਿਹਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਨ ਸਟੋਪ ਸੈਂਟਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਅਗਵਾਈ ਹੇਠ ਇੱਕ ਸੈਮੀਨਾਰ ਐਸ.ਡੀ.ਗਰਲਜ਼ ਕਾਲਜ, ਮਾਨਸਾ ਵਿਖੇ ਲਗਾਇਆ ਗਿਆ।
ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਵੱਲੋਂ ਸਰਕਾਰ ਦੁਆਰਾ ਲੜਕੀਆਂ ਦੇ ਸਰਵ ਪੱਖੀ ਵਿਕਾਸ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਬਾਲ ਸੁਰੱਖਿਆ ਵਿਭਾਗ ਤੋਂ ਸ਼੍ਰੀ ਭੂਸ਼ਨ ਸਿੰਗਲਾ ਵਲੋਂ ਬਾਲ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ
ਇਸ ਮੌਕੇ ਵਨ ਸਟੋਪ ਸੈਂਟਰ, ਮਾਨਸਾ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਕਾਨੂੰਨਾਂ ਅਧੀਨ ਆਉਂਦੇ ਇਸਤਰੀ ਅਧਿਕਾਰਾਂ ਜਿਵੇਂ ਕੰਮ ਕਾਜੀ ਸੰਸਥਾਵਾਂ ਅੰਦਰ ਜਿਣਸੀ ਸ਼ੋਸਣ ਤੋਂ ਸੁਰੱਖਿਆ, ਦਹੇਜ ਉਤਪੀੜਨ ਵਿਰੁੱਧ ਅਧਿਕਾਰ, ਘਰੇਲੂ ਹਿੰਸਾ ਬਚਾਉ ਕਾਨੂੰਨ, ਤੇਜਾਬੀ ਹਮਲਿਆਂ ਪ੍ਰਤੀ ਭਾਰਤੀ ਦੰਡ ਸਹਿਤਾ ਵਿੱਚ ਕੀਤੀਆਂ ਨਵੀਂਆ ਤਬਦੀਲੀਆਂ ਅਤੇ ਸਾਈਬਰ ਕਰਾਈਮ ਪ੍ਰਤੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਮਿਸ.ਗਗਨਦੀਪ ਕੌਰ ਸੈਂਟਰ ਐਡਮਿਨਿਸਟਰੇਟਰ ਵਨ ਸਟੋਪ ਸੈਂਟਰ, ਮਾਨਸਾ ਵੱਲੋਂ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਵਨ ਸਟੋਪ ਸੈਂਟਰ ਸਕੀਮ ਸਬੰਧੀ ਜਾਣਕਾਰੀ ਅਤੇ ਮੁਹੱਇਆ ਕਰਵਾਈਆਂ ਜਾਣ ਵਾਲੀਆਂ ਸੇਵਾਂਵਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।
ਸੈਮੀਨਾਰ ਦੇ ਅਖ਼ੀਰ ਵਿੱਚ ਐਸ.ਡੀ.ਕੰਨਿਆ ਮਹਾਵਿਦਿਆਲਾ ਦੀ ਪ੍ਰਿੰਸੀਪਲ ਸ਼੍ਰੀਮਤੀ ਜਗਮੋਹਿਨੀ ਗਾਬਾ ਵੱਲੋਂ ਵਿਦਿਆਰਥੀਆਂ ਨੂੰ ਉਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਮੂਹ ਕਾਲਜ ਸਟਾਫ ਵੀ ਮੌਜੂਦ ਸੀ।