ਗੁਰਨਾਮ ਸਿੱਧੂ
ਫਿਰੋਜ਼ਪੁਰ, 24 ਜਨਵਰੀ 2020 - ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਵਲੋਂ ਰਾਜਸਥਾਨ ਫੀਡਰ (ਨਹਿਰ) 'ਚ ਛਾਲ ਮਾਰ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਿਸਾਨ ਦੀ ਪਹਿਚਾਣ ਕਸ਼ਮੀਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਵਸਤੀ ਪਾਲ ਸਿੰਘ ਦਾਖਲੀ ਮਾਨੋਚਾਹਲ ਥਾਣਾ ਮੱਲਾਂਵਾਲਾ ਤਹਿਸੀਲ ਜ਼ੀਰਾ ਵਜੋਂ ਹੋਈ ਹੈ।
ਕਿਸਾਨ ਦੇ ਲੜਕੇ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਆੜ੍ਹਤੀਏ ਨਾਲ ਪੈਸਿਆਂ ਦੇ ਲੈਣ-ਦੇਣ ਕਾਰਨ ਅਦਾਲਤ 'ਚ ਕੇਸ ਚੱਲਦਾ ਸੀ। ਇਸ ਕਾਰਨ ਆੜ੍ਹਤੀਆ ਪੁਲਿਸ ਨਾਲ ਮਿਲ ਕੇ ਤੰਗ-ਪਰੇਸ਼ਾਨ ਕਰਦਾ ਸੀ ਅਤੇ ਧਮਕੀਆਂ ਵੀ ਦਿੰਦਾ ਸੀ, ਜਿਸ ਕਾਰਨ ਉਸ ਦਾ ਪਿਓ ਪਰੇਸ਼ਾਨ ਰਹਿੰਦਾ ਸੀ। ਅੱਜ ਸਵੇਰੇ ਉਹ ਘਰੋਂ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਕਹਿ ਕੇ ਘਰੋਂ ਚਲੇ ਗਏ। ਉਸ ਨੇ ਦੱਸਿਆ ਕਿ ਕਾਫ਼ੀ ਦੇਰ ਵਾਪਸ ਨਾ ਆਉਣ 'ਤੇ ਜਦੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਦਾ ਮੋਟਰਸਾਈਕਲ ਗੁਰਦਿੱਤੀ ਵਾਲਾ ਹੈੱਡ ਵਰਕਸ 'ਤੇ ਰਾਜਸਥਾਨ ਫੀਡਰ (ਨਹਿਰ) ਦੀ ਪਟੜੀ 'ਤੇ ਮਿਲਿਆ।
ਉਸ ਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਜੇਬ 'ਚੋਂ ਖ਼ੁਦਕੁਸ਼ੀ ਨੋਟ ਮਿਲਿਆ, ਜਿਸ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।