ਅਸ਼ੋਕ ਵਰਮਾ
- ਕਲੋਨੀ ਬਣੀ ਪਸ਼ੂਆਂ ਦਾ ਵਾੜਾ-ਲੋਕ ਇਨਹਾਂਸਮੈਂਟ ਨੇ ਡਰਾਏ
ਬਠਿੰਡਾ, 24 ਜਨਵਰੀ।ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਵੱਲੋਂ ਆਪਣਾ ਇਨਕਲੇਵ ਵਿਸਾਰਨ ਖਿਲਾਫ ਰੋਸ ਵਧ ਗਿਆ ਹੈ। ਮਾਡਲ ਟਾਊਨ ਫੇਸ 4-5 ਨਿਵਾਸੀਆਂ ਨੇ ਇੱਕ ਮੀਟਿੰਗ ਕਰਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਨਕਲੇਵ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨਾਂ ਦੇ ਮਸਲਿਆਂ ਦਾ ਹੱਲ ਨਾਂ ਹੋਇਆ ਤਾਂ ਉਹ ਆਰ ਪਾਰ ਦੀ ਲੜਾਈ ਲੜਨਗੇ।ਬਠਿੰਡਾ ਵਿਕਾਸ ਅਥਾਰਟੀ ਨੇ ਅਰਬਨ ਅਸਟੇਟ ਫੇਜ ਚਾਰ ਅਤੇ ਪੰਜ (ਬੀਡੀਏ ਐਨਕਲੇਵ) ਕਾਫ਼ੀ ਵਰੇ ਪਹਿਲਾਂ ਉਸਾਰਿਆ ਸੀ ਪ੍ਰੰਤੂ ਇਸ ਨੂੰ ਅਫਸਰਾਂ ਨੇ ਵਿਸਾਰ ਦਿੱਤਾ ਹੈ। ਬੀਡੀਏ ਐਨਕਲੇਵ ਵਾਸੀਆਂ ਨੇ ਮੀਟਿੰਗ ਕੀਤੀ ਹੈ ਜਿਸ ’ਚ ਮੁੱਦੇ ਵਿਚਾਰੇ ਗਏ ਹਨ। ਬੀਡੀਏ ਐਨਕਲੇਵ ਦੀ ਰੈਜ਼ੀਡੈਂਸਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਭੁੱਲਰ ਦਾ ਕਣਿਾ ਸੀ ਕਿ ਉਨਾਂ ਨੇ ਸਰਕਾਰੀ ਕਲੋਨੀ ਨੂੰ ਤਰਜੀਹ ਦਿੱਤੀ ਸੀ ਪਰ ਇਹ ਇਲਾਕਾ ਪਸ਼ੂਆਂ ਅਤੇ ਕੁੱਤਿਆਂ ਦਾ ਵਾੜਾ ਬਣਿਆ ਹੋਇਆ ਹੈ। ਉਨਾਂ ਆਖਿਆ ਕਿ ਉਨਾਂ ਨੂੰ ਜੋ ਸੁਨਹਿਰੀ ਸੁਫਨੇ ਦਿਖਾਏ ਸਨ ਉਹ ਪੂਰੇ ਤਾਂ ਕੀ ਕਰਨੇ ਸਨ ਉਲਟਾ ਲੋਕਾਂ ਨੂੰ ਉਟਾਂ ਦੇ ਰਹਿਮੋਕਰਮ ਤੇ ਛੱਡ ਦਿੱਛਾ ਗਿਆ ਹੈ।
ਆਗੂਆਂ ਨੇ ਆਖਿਆ ਕਿ ਬੀਡੀਏ ਐਨਕਲੇਵ ਦੀ ਚਾਰਦੀਵਾਰੀ ਵੀ ਟੁੱਟੀ ਪਈ ਹੈ ਜਦੋਂਕਿ ਐਨਕਲੇਵ ਦੀ ਬਹੁਤੀ ਚਾਰਦਵਾਰੀ ਹਾਲੇ ਤੱਕ ਅਧੂਰੀ ਹੀ ਹੈ। ਬਾਸ਼ਿੰਦੇ ਆਖਦੇ ਹਨ ਕਿ ਉਨਾਂ ਨੇ ਮਹਿੰਗੇ ਭਾਅ ’ਚ ਪਲਾਟ ਖਰੀਦੇ ਪ੍ਰੰਤੂ ਅਥਾਰਟੀ ਨੇ ਪੱਲਾ ਹੀ ਝਾੜ ਲਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਪ੍ਰਾਈਵੇਟ ਕਲੋਨੀ ਵਾਲੇ ਅਥਾਰਟੀ ’ਤੇ ਭਾਰੂ ਪਏ ਹੋਏ ਹਨ। ਪ੍ਰਧਾਨ ਚਰਨਜੀਤ ਸਿੰਘ ਦਾ ਕਹਿਣਾ ਸੀ ਕਿ ਜੇਕਰ ਐਨਕਲੇਵ ਦਾ ਵਿਕਾਸ ਹੁੰਦਾ ਤਾਂ ਲੋਕਾਂ ਨੇ ਅਰਬਨ ਅਸਟੇਟ ਨੂੰ ਪਹਿਲ ਦੇਣੀ ਸੀ, ਪ੍ਰੰਤੂ ਕਲੋਨੀ ਦਾ ਮੰਦਾ ਹਾਲ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਐਨਕਲੇਵ ਨੂੰ ਸ਼ਹਿਰ ਦੇ ਲੋਕ ਕੂੜਾ ਡੰਪ ਦੇ ਤੌਰ ’ਤੇ ਵਰਤਦੇ ਹਨ। ਐਨਕਲੇਵ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਗਿਆ ਹੈ ਅਤੇ ਲੋਕਾਂ ਨੇ ਖੁਦ ਪ੍ਰਾਈਵੇਟ ਸੁਰੱਖਿਆ ਗਾਰਡ ਰੱਖੇ ਹੋਏ ਹਨ। ਆਗੂਆਂ ਨੇ ਦੱਸਿਆ ਕਿ ਉਹ ਤਿੰਨ ਵਰਿਆਂ ਤੋਂ ਵਿਕਾਸ ਖਾਤਰ ਲੜਾਈ ਲੜ ਰਹੇ ਹਨ ਪ੍ਰੰਤੂ ਕੋਈ ਸੁਣਨ ਨੂੰ ਹੀ ਤਿਆਰ ਨਹੀਂ।
ਇਨਹਾਂਸਮੈਂਟ ਨੇ ਡਰਾਏ ਕਲੋਨੀ ਵਾਸੀ.......
ਬਠਿੰਡਾ ਵਿਕਾਸ ਅਥਾਰਟੀ ਨੇ ਹੁਣ ਪਲਾਂਟ ਮਾਲਕਾਂ ’ਤੇ ਇਨਹਾਂਸਮੈਂਟ ਦੇ ਪੈਸਿਆਂ ਦਾ ਭਾਰ ਪਾ ਦਿੱਤਾ ਹੈ ਜੋਕਿ ਸਭਨਾਂ ਲਈ ਚਿੰਤਾ ਦਾ ਵਿਸ਼ਾ ਹੈ। ਇਹ ਇਨਹਾਂਸਮੈਂਟ ਕੌਮੀ ਸੜਕ ਮਾਰਗ ਤੋਂ ਬੀਡੀਏ ਐਨਕਲੇਵ ਨੂੰ ਜੋੜਨ ਵਾਲੀ ਵੱਡੀ ਸੜਕ ਦੀ ਹੈ, ਜਿਸ ਨੂੰ ਕਈ ਪ੍ਰਾਈਵੇਟ ਕਲੋਨੀਆਂ ਅਤੇ ਮੈਰਿਜ ਪੈਲੇਸ ਵਾਲੇ ਵਰਤਦੇ ਹਨ ਜਦੋਂ ਕਿ ਮਾਲੀ ਭਾਰ ਇਕੱਲੇ ਬੀਡੀਏ ਐਨਕਲੇਵ ਦੇ ਵਾਸੀਆਂ ’ਤੇ ਪਾਇਆ ਗਿਆ ਹੈ। ਆਗੂ ਆਖਦੇ ਹਨ ਕਿ ਉਨਾਂ ਨੇ ਪਲਾਟ ਹੋਲਡਰਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ ਅਤੇ ਇਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਬਠਿੰਡਾ ਵਿਕਾਸ ਅਥਾਰਟੀ ਖਿਲਾਫ ਸੜਕਾਂ ਤੇ ੳੱਤਰਨਗੇ।
ਸਸਤੀ ਲੈਕੇ ਮੋਟੀ ਰਾਸ਼ੀ ’ਚ ਵੇਚੀ ਜਮੀਨ.....
ਵੇਰਵਿਆਂ ਅਨੁਸਾਰ ਸਾਲ 2010-11 ’ਚ ਬਠਿੰਡਾ ਦੀ ਕਰੀਬ 185 ਏਕੜ ਜਮੀਨ ਮਾਡਲ ਟਾੳੂਨ ਫੇਜ਼4-5 ਵਸਾਉਣ ਲਈ ਤਕਰੀਬਨ 950 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਐਕਵਾਇਰ ਕੀਤੀ ਸੀ ਇਸ ਜਮੀਨ ਨੂੰ ਅੱਗਿਓ 11 ਹਜਾਰ ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵੇਚਿਆ ਗਿਆ ਸੀ ਕਾਫੀ ਵਰੇ ਇਹ ਕਲੋਨੀ ਵਿਕਸਤ ਨਾਂ ਹੋ ਸਕੀ ਪਰ ਪਿਛਲੇ ਤਿੰਨ ਵਰਿਆਂ ਦੌਰਾਨ ਸੈਂਕੜੇ ਲੋਕਾਂ ਨੇ ਆਪੋ ਆਪਣੀ ਪਹੰਚ ਮੁਤਾਬਕ ਮਕਾਨ ਬਣਾ ਲਏ ਜਿਆਦਾਤਰ ਲੋਕਾਂ ਨੇ ਬੈਂਕ ਤੋਂ ਕਰਜਾ ਲਿਆ ਹੋਇਆ ਹੈ ਹੁਣ ਜਦੋਂ ਜਿੰਦਗੀ ਮਾੜੀ ਮੋਟੀ ਤੁਰਨ ਲੱਗੀ ਸੀ ਤਾਂ ਬਠਿੰਡਾ ਵਿਕਾਸ ਅਥਾਰਟੀ ਨੇ ਘੱਟੋ ਘੱਟ ਇੱਕ ਲੱਖ ਤੋਂ ਲੈਕੇ 4-5 ਲੱਖ ਰੁਪਏ ਤੱਕ ਦੀ ਰਾਸ਼ੀ ਹੋਰ ਮੰਗ ਲਈ ਹੈ ਅਥਾਰਟੀ ਦੀ ਦਲੀਲ ਹੈ ਕਿ ਸੁਪਰੀਮ ਕੋਰਟ ਨੇ ਜਮੀਨ ਮਾਲਕਾਂ ਨੂੰ ਜਿਆਦਾ ਕੀਮਤ ਦੇਣ ਦੇ ਹੁਕਮ ਦਿੱਤੇ ਹਨ ਜਿਸ ਕਰਕੇ ਇਹ ਰਾਸ਼ੀ ਕਲੋਨੀ ਵਾਸੀਆਂ ਨੂੰ ਪਾਈ ਗਈ ਹੈ।
ਬਾਹਰ ਹੋਣ ਕਰਕੇ ਕੁੱਝ ਕਹਿਣਾ ਮੁਸ਼ਕਲ : ਸ਼ੇਰਗਿੱਲ....
ਬਠਿੰਡਾ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਬੀਡੀਏ ਐਨਕਲੇਵ ’ਚ ਵਿਕਾਸ ਦੇ ਮਾਮਲੇ ਵਿਚ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨਾਂ ਆਖਿਆ ਕਿ ਉਹ ਬਾਹਰ ਹੋਣ ਕਰਕੇ ਫਿਲਹਾਲ ਜਿਆਦਾ ਨਹੀਂ ਦੱਸ ਸਕਦੇ ਫਿਰ ਵੀ ਜੋ ਸਮੱਸਿਆਵਾਂ ਹਨ ਉਨਾਂ ਨੂੰ ਦੂਰ ਕੀਤਾ ਜਾਏਗਾ।