ਸੰਜੀਵ ਸੂਦ
ਲੁਧਿਆਣਾ, 25 ਜਨਵਰੀ 2020 - ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅਕਸਰ ਹੀ ਸੁਰੱਖਿਆ 'ਚ ਰਹਿੰਦੇ ਨੇ ਹਾਲ ਹੀ ਦੇ ਵਿੱਚ ਉਨ੍ਹਾਂ ਦਾ ਨਾਮ ਇੱਕ ਹੋਰ ਵਿਵਾਦ ਨਾਲ ਜੁੜ ਗਿਆ ਹੈ ਜੋ ਕਿ ਲੁਧਿਆਣਾ ਤੋਂ ਸਬੰਧਤ ਹੈ। ਦਰਅਸਲ ਤਿੰਨ ਨੌਜਵਾਨਾਂ ਵੱਲੋਂ ਮੂਸੇਵਾਲਾ ਦੇ ਗਾਣੇ ਤੇ ਇੱਕ ਵੀਡੀਓ ਬਣਾਇਆ ਗਿਆ ਅਤੇ ਫਿਰ ਵੀਡੀਓ ਨੂੰ ਲਾਈਕ ਕਰਵਾਉਣ ਲਈ ਜਬਰਨ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ ਗਿਆ। ਜਿਸ ਵੱਲੋਂ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਵਿਚ ਮਾਮਲਾ ਦਰਜ ਕਰਵਾਇਆ ਗਿਆ।
ਪੀੜਤ ਸਾਹਿਲ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਮੂਸੇਵਾਲੇ ਦੇ ਕਿਸੇ ਗਾਣੇ 'ਤੇ ਵੀਡੀਓ ਬਣਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਲਾਈਕ ਕਰਵਾਉਣ ਲਈ ਧੱਕੇ ਨਾਲ ਉਸ ਨੂੰ ਕਿਹਾ ਗਿਆ। ਪਰ ਉਸ ਦੇ ਮਨ੍ਹਾਂ ਕਰਨ ਤੇ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਸ ਨੂੰ ਗੰਭੀਰ ਸੱਟ ਵੱਜੀ ਹੈ। ਸਾਹਿਲ ਨੇ ਕਿਹਾ ਕਿ ਉਹਦੇ ਸਿਰ ਦੇ 'ਤੇ ਨੌਜਵਾਨਾਂ ਵੱਲੋਂ ਦਾਤ ਨਾਲ ਹਮਲਾ ਕੀਤਾ ਗਿਆ।
ਉਧਰ ਦੂਜੇ ਪਾਸੇ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਨੌਜਵਾਨ ਸਾਹਿਲ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਨੌਜਵਾਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨਾਂ ਸਬੰਧੀ ਸ਼ਿਕਾਇਤ ਮਿਲੀ ਸੀ। ਹਾਲਾਂਕਿ ਉਨ੍ਹਾਂ ਵੀ ਕਿਹਾ ਕਿ ਵੀਡੀਓ ਦੇ ਵਿੱਚ ਜੋ ਹਥਿਆਰ ਵਰਤੇ ਗਏ ਨੇ ਉਹ ਖਿਡੌਣਾ ਹਥਿਆਰ ਨੇ ਪਰ ਦਾਤ ਜਰੂਰ ਅਸਲੀ ਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਮੁਤਾਬਕ ਤਿੰਨਾਂ ਨੌਜਵਾਨਾਂ 'ਤੇ ਕਾਰਵਾਈ ਕੀਤੀ ਜਾਵੇਗੀ।
ਜ਼ਿਕਰੇ ਖਾਸ ਹੈ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਹਾਲੇ ਬੀਤੇ ਦਿਨ ਹੀ ਸਿੱਧੂ ਮੂਸੇ ਵਾਲਾ ਲੁਧਿਆਣਾ ਪਹੁੰਚੇ ਸਨ। ਲੁਧਿਆਣਾ ਦੇ ਏਸੀਪੀ ਜਸ਼ਨਦੀਪ ਗਿੱਲ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ। ਮੂਸੇ ਵਾਲੇ ਦੇ ਖਿਲਾਫ ਆਰਟੀਆਈ ਐਕਟੀਵਿਸਟ ਕੁਲਦੀਪ ਖਹਿਰਾ ਨੇ ਸ਼ਿਕਾਇਤ ਕਰਵਾਈ ਸੀ ਕਿ ਉਹ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ ਅਤੇ ਹੁਣ ਮੂਸੇ ਵਾਲੇ ਦੇ ਗਾਣੇ ਤੇ ਇਸ ਵੀਡੀਓ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ।