ਜੈਤੋ, 26 ਜਨਵਰੀ 2020 - ਸਥਾਨਕ ਸਟੇਟ ਬੈਂਕ ਆਫ ਇੰਡੀਆ ਦੀ ਬਾਜਾਖਾਨਾ ਰੋਡ ਸ਼ਾਖਾ ਅੱਗੇ ਬੈਂਕ ਮੁਲਾਜ਼ਮਾਂ ਵੱਲੋਂ ਯੂਨਾਇਟੇਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਵਿਰੋਧ ਰੈਲੀ ਕੀਤੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ। ਇਕੱਤਰ ਹੋਏ ਬੈਂਕ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਜ਼ੋਨਲ ਸੈਕਟਰੀ ਕਾਮਰੇਡ ਇੰਦਰਜੀਤ ਸਿੰਘ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਦੇਸ਼ ਬਹੁਤ ਵੱਡੇ ਆਰਥਿਕ ਅਤੇ ਰਾਜਨੀਤਿਕ ਸੰਕਟ ਵਿਚੋਂ ਗੁਜਰ ਰਿਹਾ ਹੈ।
ਆਪਣੀਆਂ ਨਾਕਾਮੀਆਂ ਛੁਪਾਉਣ ਲਈ ਮੋਦੀ ਸਰਕਾਰ ਨੇ ਦੇਸ਼ ਦੇ ਫਿਰਕਿਆਂ ਵਿੱਚ ਭਰਾ ਮਾਰੂ ਜੰਗ ਛੇੜਨ ਦਾ ਪੂਰਾ ਮਾਹੌਲ ਤਿਆਰ ਕੀਤਾ ਗਿਆ। ਅੱਜ ਦੇਸ਼ ਦੇ ਨੌਜਵਾਨ, ਵਿਦਿਆਰਥੀ, ਔਰਤਾਂ, ਕਿਸਾਨ ਅਤੇ ਮੁਲਾਜ਼ਮ ਅੱਤ ਦੇ ਦੁਖੀ ਹੋ ਕੇ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਕਿਸੇ ਵੀ ਵਰਗ ਦੀ ਗੱਲ ਜਾਂ ਦਾਸਤਾਨ ਸੁਣਨ ਦੀ ਬਜਾਏ ਸੰਘਰਸ਼ ਕਰ ਰਹੇ ਲੋਕਾਂ ਨੂੰ ਮਾਰ ਕੁੱਟ ਕੇ ਸੰਘਰਸ਼ਾਂ ਨੂੰ ਥੰਮਣ ਵਿੱਚ ਲੱਗੀ ਹੋਈ ਹੈ। ਮਹਿੰਗਾਈ ਚਰਮ ਸੀਮਾ ਤੇ ਪੁੱਜ ਗਈ ਹੈ ਅਤੇ ਆਮ ਬੰਦਾ ਦਾ ਜੀਵਨ ਬਸਰ ਕਰਨਾ ਬਹੁਤ ਔਖਾ ਹੋਇਆ ਪਿਆ ਹੈ।
ਦੇਸ਼ ਦੀ ਜੀ.ਡੀ. ਪੀ ਦਾ ਭੱਠਾ ਬੈਠ ਚੁਕਾ ਹੈ। ਉਹਨਾਂ ਕਿਹਾ ਕਿ ਬੈਂਕ ਮੁਲਾਜ਼ਮਾਂ ਦਾ 11 ਵਾਂ ਤਨਖਾਹ ਸਮਝੌਤਾ ਨਵੰਬਰ 2017 ਤੋਂ ਲੰਬਿਤ ਹੈ ਅਤੇ ਇੰਡੀਆ ਬੈੰਕਸ ਐਸੋਸੀਅਸਨ ਢਾਈ ਸਾਲ ਤੋਂ ਆਲੇ ਕੌਡੀ ਛਿੱਕੇ ਕੌਡੀ ਕਰਕੇ ਟਾਲ ਰਹੀ ਹੈ ਅਤੇ ਬੈਂਕਾਂ ਦੇ ਘਾਟੇ ਦਾ ਵਾਸਤਾ ਪਾ ਕੇ ਤਨਖਾਹਾਂ ਨਾ ਵਧਾ ਸਕਣ ਦਾ ਬਹਾਨਾ ਲਾ ਰਹੀ ਹੈ। ਬੈਂਕਾਂ ਦੇ ਘਾਟੇ ਦੀ ਵਜ੍ਹਾ ਬੈਂਕਾਂ ਦੇ ਮੁਲਾਜ਼ਮ ਨਹੀਂ, ਸਗੋਂ ਘਾਟੇ ਦਾ ਕਾਰਨ ਬੈਂਕਾਂ ਦੇ ਡੱਬੇ ਹੋਏ ਕਰਜੇ ਹਨ। ਸਰਕਾਰ ਦੀ ਸ਼ਹਿ ਤੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਵਰਗੇ ਕਾਰਪੋਰੇਟ ਬੈਂਕਾਂ ਦਾ ਹਜ਼ਾਰਾਂ ਕਰੋੜ ਰੁਪਏ ਡਕਾਰ ਕੇ ਵਿਦੇਸ਼ਾਂ ਵਿੱਚ ਅਯਾਸ਼ੀਆਂ ਕਰ ਰਹੇ ਹਨ।
ਇਸ ਮੌਕੇ ਨੌਜਵਾਨ ਆਗੂ ਲਵਪ੍ਰੀਤ ਰਾਮੇਆਣਾ ਨੇ ਕਿਹਾ ਕਿ ਆਉਣ ਵਾਲੀ 31 ਜਨਵਰੀ ਅਤੇ 1 ਫਰਵਰੀ ਨੂੰ ਦੇਸ਼ ਭਰ ਦੇ ਬੈਂਕ ਮੁਲਾਜ਼ਮ ਹੜਤਾਲ ਤੇ ਜਾਣਗੇ ਅਤੇ ਫਰਵਰੀ ਮਹੀਨੇ ਵਿੱਚ ਲਗਾਤਰ ਤਿੰਨ ਦਿਨ ਦੀ ਹੜਤਾਲ ਕੀਤੀ ਜਾਵੇਗੀ ਅਤੇ ਫਿਰ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਇਆ ਜਾਏਗਾ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਏਗੀ। ਇਸ ਮੌਕੇ ਸੀਨੀਅਰ ਆਗੂ ਕਾਮਰੇਡ ਮਹੇਸ਼ ਸ਼ਰਮਾ, ਕਾ ਪਰਮਜੀਤ ਪੰਮਾ, ਕਾ. ਸੁਰਿੰਦਰ ਕੁਮਾਰ,ਕਾ. ਗਗਨਦੀਪ, ਕਾ ਅਵਤਾਰ ਬਬਲੂ, ਕਾ. ਭੂਸ਼ਨ, ਕਾ.ਵਿਪਨਦੀਪ ਗਰੋਵਰ, ਕਾ.ਅਰਪਿਤ, ਕਾ. ਰਾਜੂ ਸਿੰਘ, ਕਾ.ਗੁਰਪ੍ਰੀਤ ਸਿੰਘ, ਕਾ. ਹਰੀ ਕ੍ਰਿਸ਼ਨ, ਕਾ.ਪਵਨ ਬਠਿੰਡਾ, ਕਾ. ਰਜੀਵ ਰੰਜਨ, ਕਾ.ਚਾਰੁਤਾ ਜੱਸਲ, ਕਾ.ਗੁਰਵਿੰਦਰ ਨਵਾਂ ਸ਼ਹਿਰ ਆਦਿ ਸ਼ਾਮਿਲ ਸਨ।