ਪਟਿਆਲਾ 28 ਜਨਵਰੀ 2020: ਸਿੱਖ ਕੌਮ ਦੇ ਜਰਨੈਲ ਅਤੇ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਹਿਨਮਈ ਹੇਠ ਕਾਰਜਸ਼ੀਲ ਕਮੇਟੀ ਨੇ ਰੂਹਾਨੀਅਤ ਅਤੇ ਮਨੁੱਖਤਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਵਿਰਾਸਤੀ ਸੜਕ ਤੇ ਸਥਾਪਿਤ ਨਚਾਰਾਂ ਦੇ ਬੁੱਤਾਂ ਨੂੰ ਹਟਾਉਣ ਲਈ ਸਿੱਖ ਜਥੇਬੰਦੀਆਂ ਵਲੋ ਵਿੱਡੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਹੈ। ਜਿਨ੍ਹਾਂ ਨੌਜਵਾਨਾਂ ਨੇ ਰੋਸ ਵਿੱਚ ਆ ਕੇ ਸੰਕੇਤਕ ਰੂਪ ਵਿੱਚ ਬੁੱਤਾਂ ਨੂੰ ਤੋੜਨ ਦਾ ਯਤਨ ਕੀਤਾ ਹੈ, ਉਨ੍ਹਾਂ ਨੌਜਵਾਨਾਂ ਦੇ ਕੇਸਾਂ ਦੀ ਕਾਨੂੰਨੀ ਪੈਰਵਾਈ ਦਾ ਖਰਚਾ ਕਮੇਟੀ ਵੱਲੋਂ ਕੀਤਾ ਜਾਵੇਗਾ।
ਇਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਬੁੱਤਾਂ ਦੀ ਸਥਾਪਨਾ ਅਕਾਲੀ -ਭਾਜਪਾ ਸਰਕਾਰ ਵੇਲੇ ਸਾਲ 2016 ਵਿੱਚ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾ ਦੇ ਉਲਟ ਕੀਤੀ ਗਈ ਸੀ। 2017 ਦੀ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਕਿਆਂ ਨੇ ਇਨ੍ਹਾਂ ਬੁੱਤਾਂ ਦਾ ਸਿਆਸੀ ਲਾਹਾ ਲੈਣ ਲਈ ਡਟਵਾਂ ਪ੍ਰਚਾਰ ਕੀਤਾ ਸੀ। ਅੱਜ ਪੰਜਾਬ ਇਨ੍ਹਾਂ ਦੀਆਂ ਗ਼ਲਤੀਆਂ ਦਾ ਹੀ ਸੰਤਾਪ ਹੰਢਾ ਰਿਹਾ ਹੈ।
ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਕਮੇਟੀ ਆਗੂਆਂ ਨੇ ਕਿਹਾ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਵੀ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ, ਬਹਿਬਲਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਰਾਜਸੀ ਸਿੱਖ ਬੰਦੀਆਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ। ਪਰ ਬੁੱਤਾਂ ਦੇ ਥੜ੍ਹੇ ਤੋੜਨ ਵਾਲਿਆਂ ਦੇ ਖਿਲਾਫ ਝੂਠੀ ਧਾਰਾ 307 ਲਗਾ ਕੇ ਨੌਂ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਇਸ ਤੋਂ ਕੈਪਟਨ ਸਰਕਾਰ ਦੀ ਸਿੱਖਾਂ ਵਿਰੁੱਧ ਸੋਚ ਨੰਗੀ ਹੋ ਜਾਂਦੀ ਹੈ।
ਅੱਜ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਵੱਖ ਵੱਖ ਕੌਮੀ ਮੁੱਦਿਆਂ ਤੇ ਵਿੱਢੇ ਗਏ ਸੰਘਰਸ਼ ਪ੍ਰਤੀ ਅਪਣਾਈ ਪਹੁੰਚ ਦੀ ਹਮਾਇਤ ਕਰਦਿਆਂ ਨੌਜਵਾਨ ਆਗੂਆਂ ਪ੍ਰਦੀਪ ਸਿੰਘ ਸੰਗਤਪੁਰ ਸੋਢੀਆਂ, ਕੁਲਦੀਪ ਸਿੰਘ ਦੋਭਾਲੀ, ਮੱਖਣ ਸਿੰਘ ਸਮਾਉਂ, ਜਗਜੀਤ ਸਿੰਘ ਸਿੱਲ, ਆਪਣੇ ਸਾਥੀਆਂ ਨਾਲ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਨ੍ਹਾਂ ਆਗੂਆਂ ਕਿਹਾ ਕਿ ਉਹ ਕਮੇਟੀ ਵੱਲੋਂ ਆਰੰਭੇ ਗੁਰਮਤਿ ਪ੍ਰਚਾਰ ਲਹਿਰ ਅਤੇ ਸਿੱਖ ਧਰਮ ਤੋਂ ਦੂਰ ਜਾ ਚੁੱਕੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰ ਸਜਾਓ ਪੰਥ ਵਾਪਸੀ ਮੁਹਿੰਮ ਦਾ ਪ੍ਰਚਾਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਰਨਗੇ। ਉਨ੍ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ।
ਪ੍ਰੈੱਸ ਕਾਨਫਰੰਸ ਵਿੱਚ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਮਹਾਂਬੀਰ ਸਿੰਘ ਸੁਲਤਾਨਵਿੰਡ, ਨੌਜਵਾਨ ਆਗੂ ਬਗ਼ੀਚਾ ਸਿੰਘ ਰੱਤਾ ਖੇੜਾ, ਮਾਸਟਰ ਬਲਦੇਵ ਸਿੰਘ ਤਰਨਤਾਰਨ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ, ਪਰਵਿੰਦਰ ਸਿੰਘ ਲਾਡੀ, ਅਕਬਾਲ ਸਿੰਘ ,ਗੁਰਜੰਟ ਸਿੰਘ, ਪਰਵਿੰਦਰ ਸਿੰਘ ਕਵੀਸ਼ਰ, ਪ੍ਰਗਟ ਸਿੰਘ ਜਥੇਪਾਲ, ਗੁਰਮੇਲ ਸਿੰਘ ਧਨੌਲਾ, ਸਤਪਾਲ ਸਿੰਘ ਜਥੇਪਾਲ, ਡਾ ਸੁਖਪ੍ਰੀਤ ਸਿੰਘ ਮਾਨਸਾ, ਅਮਰੀਕ ਸਿੰਘ ਚਰਨਾਰਥਲ, ਨਾਜਮ ਸਿੰਘ ਬਰਨਾਲਾ, ਗੁਰਜੰਟ ਸਿੰਘ ਸੀਲ, ਕਾਬੁਲ ਸਿੰਘ ਸੈਫਦੀਪੁਰ, ਪਵਨਦੀਪ ਸਿੰਘ ਮੋਹਾਲੀ, ਗੁਰਸੇਵਕ ਸਿੰਘ ਸੁਹਾਗਹੇੜੀ ਆਦਿ ਹਾਜ਼ਰ ਸਨ।