ਪਟਿਆਲਾ, 5 ਫਰਵਰੀ 2020 - ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀਂ ਟਕਸਾਲ ਤੇ ਕੁੱਝ ਹੋਰ ਪੰਥਕ ਜਥੇਬੰਦੀਆਂ ਦੇ ਆਪਸੀ ਟਕਰਾਓ ਬਹੁਤ ਹੀ ਮੰਦਭਾਗਾ ਹੈ। ਵਡੇਰੇ ਪੰਥਕ ਹਿੱਤਾਂ ਲਈ ਇਸ ਟਕਰਾਓ ਨੂੰ ਤੁਰੰਤ ਵਿਰਾਮ ਦੇਣਾ ਚਾਹੀਦਾ ਹੈ ਅਤੇ ਇਸ ਉਲਝੀ ਤਾਣੀ ਨੂੰ ਗੁਰੂ ਆਸ਼ਿਆਂ ਅਨੁਸਾਰ ਪਰਸਪਰ ਸੰਵਾਦ ਨਾਲ ਹੱਲ ਕਰਨਾ ਚਾਹੀਦਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਮਾਮਲੇ ਵਿੱਚ ਕੋਈ ਨਿੱਗਰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਅੱਜ ਸਿੱਖ ਧਰਮ ਸੰਸਾਰ ਦਾ ਪੰਜਵੇਂ ਵੱਡੇ ਧਰਮ ਦੇ ਰੂਪ ਵਿੱਚ ਸਥਾਪਤ ਹੋ ਚੁੱਕਾ ਹੈ। ਵਿਸ਼ਵ ਧਰਮ ਹੋਣ ਦੀ ਹੈਸੀਅਤ ਵਿੱਚ ਸਿੱਖ ਧਰਮ ਦੀ ਸਰਬ-ਪ੍ਰਵਾਨਿਤ ਕੇਂਦਰੀ ਮਰਿਆਦਾ ਨੂੰ ਲਾਗੂ ਕਰਨ ਤੇ ਵੀ ਬਲ ਦੇਣ ਦੀ ਜ਼ਰੂਰਤ ਹੈ। ਸਿੱਖ ਟਕਸਾਲਾਂ, ਸਿੱਖ ਸੰਤਾਂ ਮਹਾਂਪੁਰਖਾਂ ਅਤੇ ਸਿੱਖ ਡੇਰਿਆਂ ਵਿੱਚ ਬਹੁਤੇ ਬਖੇੜੇ ਤਾਂ ਕੇਂਦਰੀ ਸਿੱਖ ਰਹਿਤ ਮਰਿਅਦਾ ਦੇ ਲਾਗੂ ਨਾ ਹੋਣ ਕਾਰਨ ਹੀ ਹਨ। ਇਹ ਮਾਮਲਾ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਨੂੰ ਆਪਸੀ ਵਿਚਾਰ ਗੋਸ਼ਟੀਆਂ ਰਾਹੀਂ ਸੁਲਝਾਊਂਣੇ ਚਾਹੀਦੇ ਹਨ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵੀ ਠਰੰਮੇ ਤੋਂ ਕੰਮ ਲੈਣਾਂ ਚਾਹੀਦਾ ਹੈ ਤੇ ਗੁਰੂ ਕਾਲ ਤੋਂ ਸਥਾਪਿਤ ਸੰਸਥਾਵਾਂ ਦਾ ਜ਼ਿਕਰ ਬੇਹੱਦ ਆਦਰ ਨਾਲ ਕਰਨਾ ਚਾਹੀਦਾ ਹੈ। ਸਾਰੀਆਂ ਹੀ ਧਿਰਾਂ ਨੂੰ ਇੱਕ ਦੂਸਰੇ ਤੇ ਸ਼ਬਦੀ ਵਾਰ ਕਰਨ ਸਮੇਂ, ਕੁਟਿਲ, ਤੁਰਸ਼ ਤੇ ਵਿਸ਼ੈਲ਼ੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਸਿੱਖ ਧਰਮ ਦੇ ੫੫੦ ਸਾਲ ਦੇ ਇਤਿਹਾਸ ਅਤੇ ਵਿਕਾਸ ਵਿੱਚ ਸਿੱਖ ਸੰਸਥਾਵਾਂ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ, ਇਸ ਲਈ ਹਰ ਸਿੱਖ ਸੰਤ ਅਤੇ ਪ੍ਰਚਾਰਕ ਨੂੰ ਇਨ੍ਹਾਂ ਸੰਸਥਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇ ਕੋਈ ਛੋਟੇ ਜਾਂ ਵੱਡੇ ਵਖਰੇਵੇਂ ਹਨ ਤਾਂ ਉਨ੍ਹਾਂ ਨੂੰ ਗੱਲ-ਬਾਤ ਤੇ ਸੰਵਾਦ ਰਾਹੀਂ ਨਜਿੱਠਣਾ ਚਾਹੀਦਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੋਰ ਵਧੇਰੇ ਸਕਾਰਾਤਮਕ ਉਪਰਾਲੇ ਕਰਨੇ ਚਾਹੀਦੇ ਹਨ।