ਜੀ ਐਸ ਪੰਨੂ
ਪਟਿਆਲਾ, 7 ਫਰਵਰੀ 2020 - ਜ਼ਿਲ੍ਹਾ ਪਟਿਆਲਾ ਦੇ ਪਿੰਡ ਕਰਹਾਲੀ ਦੇ ਸਰਕਾਰੀ ਹਾਈ ਸਕੂਲ ਵਿਚ ਟ੍ਰੈਫਿਕ ਪੁਲਿਸ ਇੰਸਪੈਕਟਰ ਪੁਸ਼ਪਾ ਦੇਵੀ ਵਲੋਂ ਆਪਣੀ ਟੀਮ ਸਮੇਤ ਦੌਰਾ ਕਰਦਿਆਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਔਰਤਾਂ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਦਿੰਦਿਆਂ ਐਕਸਟੈਂਸ਼ਨ ਲੈਕਚਰ ਦਿੱਤਾ। ਸਕੂਲ ਦੇ ਅਧਿਆਪਕਾਂ ਕੇਸ਼ਵ ਕੁਮਾਰ, ਪਰਦੀਪ ਸਿੰਘ, ਲਖਵੀਰ ਸਿੰਘ, ਸੁਖਜਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ 'ਚ ਬਿਠਾ ਕੇ ਇਸ ਲੈਕਚਰ ਦਾ ਆਯੋਜਨ ਕੀਤਾ।
ਇਸ ਮੌਕੇ ਬੋਲਦਿਆਂ ਇੰਸਪੈਕਟਰ ਪੁਸ਼ਪਾ ਦੇਵੀ ਨੇ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਜੇਕਰ ਵਿਦਿਆਰਥੀ ਜੀਵਨ ਤੋਂ ਹੀ ਟ੍ਰੈਫਿਕ ਨਿਯਮਾਂ ਦੀ ਪੂਰਨ ਜਾਣਕਾਰੀ ਹੋਵੇ ਅਤੇ ਇਨ੍ਹਾਂ ਨਿਯਮਾਂ ਨੂੰ ਪਾਲਣਾ ਕਰਨ ਪ੍ਰਤੀ ਸੁਹਿਰਦਤਾ ਹੋਵੇ ਤਾਂ ਵਾਪਰਨ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪੂਰਨ ਪਾਲਣਾ ਕਰਨ ਦੀ ਸਹੁੰ ਵੀ ਚੁਕਾਈ। ਇਸ ਤੋਂ ਬਾਅਦ ਸਕੂਲ ਦੇ ਸਮਾਜਿਕ ਸਿੱਖਿਆ ਦੇ ਅਧਿਆਪਕ ਸੁਖਜਿੰਦਰ ਸਿੰਘ ਨੇ ਵੀ ਇਸੇ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਿੱਤਾ। ਇਸ ਉਪਰੰਤ ਸਕੂਲ ਦੇ ਸਮੂਹ ਸਟਾਫ ਵਲੋਂ ਇੰਸਪੈਕਟਰ ਪੁਸ਼ਪਾ ਦੇਵੀ ਅਤੇ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।