ਨਿਰਵੈਰ ਸਿੰਘ ਸਿੰਧੀ
ਮਮਦੋਟ, 12 ਫਰਵਰੀ 2020 - ਪਿਛਲੇ ਦਿਨੀ ਸ਼ੱਕੀ ਹਲਾਤਾਂ ਵਿਚ ਨਵੇਂ ਬਣੇ ਇਲਾਕੇ ਦੇ ਇਕਲੋਤੇ ਗੰਨ ਹਾਊਸ ਨੂੰ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿਚ ਪਿੱਛਲੇ ਦਿਨੀਂ ਪੁਲਿਸ ਵੱਲੋਂ ਮੁਢਲੀ ਕਾਰਵਾਈ ਕਰਦਿਆਂ ਗੁਰੂਹਰਸਹਾਏ ਸਥਿਤ ਗੰਨ ਹਾਊਸ ਦੇ ਮਾਲਕ ਕਪਿਲ ਦੇਵ ਅਤੇ ਮਮਦੋਟ ਦੇ ਬ੍ਰਦਰਜ ਗੰਨ ਹਾਊਸ ਦੇ ਮਾਲਕ ਰੋਹਿਤ ਕੁਮਾਰ ਉਰਫ ਗੋਰਾ ਖੁੱਲਰ ਵਾਸੀ ਖੁੰਦਰ ਉਤਾੜ ਸਮੇਤ ਕੁੱਲ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਕਰਦਿਆਂ ਪੁਲਿਸ ਵੱਲੋਂ ਮਾਣਯੋਗ ਅਦਾਲਤ ਤੋਂ ਸਰਚ ਵਰੰਟ ਹਾਸਲ ਕਰਕੇ ਮਮਦੋਟ ਦੇ ਬ੍ਰਦਰਜ ਗੰਨ ਹਾਊਸ ਦੀ ਤਲਾਸ਼ੀ ਡੀ ਐੱਸ ਪੀ ਕਰਨਸ਼ੇਰ ਸਿੰਘ ਅਤੇ ਐੱਸ ਐੱਚ ਓ ਮਮਦੋਟ ਰਵੀ ਕੁਮਾਰ ਦੀ ਅਗਵਾਈ ਵਿਚ ਕੀਤੀ ਗਈ।
ਇੱਥੇ ਦੱਸਣਯੋਗ ਹੈ ਕਿ ਇਸੇ ਕੇਸ ਦੇ ਸਬੰਧ ਵਿਚ ਫਿਰੋਜਪੁਰ ,ਮਮਦੋਟ ਅਤੇ ਗੁਰੂਹਰਸਹਾਏ ਦੇ ਕੁਝ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ | ਕਰੀਬ ਦੋ ਘੰਟੇ ਦੀ ਚੱਲੀ ਤਲਾਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਬਲਵੰਤ ਸਿੰਘ ਮੋਮੀ ਨੇ ਦੱਸਿਆ ਕਿ ਗੁਰੂਹਰਸਹਾਏ ਅਤੇ ਮਮਦੋਟ ਦੇ ਵੱਖ ਵੱਖ ਗੰਨ ਹਾਊਸਾਂ ਦੇ ਮਾਲਕਾਂ ਖਿਲਾਫ ਦੂਜੇ ਰਾਜਾਂ ਤੋਂ ਨਿਜਾਇਜ ਤਰੀਕੇ ਨਾਲ ਅਸਲਾ ਖਰੀਦ ਕੇ ਪੰਜਾਬ ਵਿਚ ਗ਼ਲਤ ਅਨਸਰਾਂ ਨੂੰ ਵੇਚਣ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਿਸ ਦੇ ਸਬੰਧ ਵਿਚ ਮਮਦੋਟ ਸਥਿਤ ਬ੍ਰਦਰਜ ਗੰਨ ਹਾਊਸ ਦੇ ਮਾਲਕ ਰੋਹਿਤ ਕੁਮਾਰ ਉਰਫ ਗੋਰਾ ਖੁੱਲਰ ਸਮੇਤ 5 ਵਿਕਅਤੀਆਂ ਖਿਲਾਫ ਥਾਣਾ ਮਮਦੋਟ ਵਿਖੇ ਮੁਕੱਦਮਾਂ 9 ਮਿਤੀ 9 ਫਰਵਰੀ 2020 ਅਧੀਨ ਧਾਰਾ 420 /465 /467 /468 /471 /120-ਬੀ ਆਈ ਪੀ ਸੀ 25 /27 /54 /59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਿਸਨੂੰ ਲੈਕੇ ਅੱਜ ਬ੍ਰਦਰਜ ਗੰਨ ਹਾਊਸ ਦੀ ਤਲਾਸ਼ੀ ਲੈਣ ਸਬੰਧੀ ਗੋਰਾ ਗੱਖੜ ਨੂੰ ਇਤਲਾਹ ਕੀਤੀ ਗਈ ਸੀ ਕਿ ਉਹ ਦੌਰਾਨ ਤਲਾਸ਼ੀ ਹਾਜਰ ਹੋਕੇ ਪੁਲਿਸ ਨੂੰ ਸਹਿਯੋਗ ਕਰੇ ਪਰੰਤੂ ਉਸ ਵੱਲੋਂ ਮੌਕੇ ਉੱਪਰ ਆਪ ਹਾਜਰ ਨਾ ਹੋਕੇ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿੱਤਾ ਗਿਆ ਜਿੰਨਾ ਦੀ ਹਾਜਰੀ ਵਿਚ ਗੰਨ ਹਾਊਸ ਨਾਲ ਸਬੰਧਿਤ ਰਿਕਾਰਡ ਦੀ ਜਾਂਚ ਪੜਤਾਲ ਕੀਤੀ ਗਈ ਪਰ ਪੁਲਿਸ ਨੂੰ ਉਸ ਵਿਚੋਂ ਅਜੇ ਤੱਕ ਕੁਝ ਹੱਥ ਨਹੀਂ ਲੱਗਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋੜ ਪੈਣ ਤੇ ਦੁਬਾਰਾ ਫਿਰ ਬ੍ਰਦਰਜ ਗੰਨ ਹਾਊਸ ਦੀ ਜਾਂਚ ਪੜਤਾਲ ਕੀਤੀ ਸਕਦੀ ਹੈ।