ਅਸ਼ੋਕ ਵਰਮਾ
ਬਠਿੰਡਾ, 13 ਫਰਵਰੀ 2020 - ਕੁੱਝ ਦਿਨ ਪਹਿਲਾਂ ਜਿਲਾ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਚ ਨੌਜਵਾਨ ਪਰਵਿੰਦਰ ਦਾ ਕਤਲ ਨਜਾਇਜ਼ ਸਬੰਧਾਂ ਦੇ ਸ਼ੱਕ ’ਚ ਕੀਤਾ ਗਿਆ ਸੀ। ਪੁਲਿਸ ਨੇ ਇਸ ਕਤਲ ਦੇ ਸਬੰਧ ’ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਤਲ ਦੀ ਗੁੱਥੀ ਨੂੰ ਸੁਲਝਾਂਉਣ ਦਾ ਦਾਅਵਾ ਕੀਤਾ ਹੈ। ਪਰਵਿੰਦਰ ਨੂੰ ਉਦੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਵਿਆਹ ਵਾਲੇ ਘਰ ਤੋਂ ਜਾਗੋ ਦੇਖ ਕੇ ਆਪਣੇ ਘਰ ਆ ਰਿਹਾ ਸੀ। ਅੱਜ ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਅਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਨੂੰ ਮਿਲੀ ਸਫਲਤਾ ਦਾ ਖੁਲਾਸਾ ਕੀਤਾ ਹੈ।
ਆਈ.ਜੀ. ਨੇ ਦੱਸਿਆ ਕਿ ਪੁਲਿਸ ਨੇ ਜਦੋਂ ਜਾਂਚ ਨੂੰ ਅੱਗੇ ਵਧਾਇਆ ਤਾਂ ਇਸ ਸਬੰਧ ’ਚ ਮੁਲਜਮ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਰਾਜ ਸਿੰਘ ਅਤੇ ਅੰਮ੍ਰਿਤਪਾਲ ਉਰਫ ਨੀਟੂ ਵਾਸੀ ਲਹਿਰਾ ਮੁਹੱਬਤ ਨੂੰ ਗ੍ਰਿਫਤਾਰ ਕੀਤਾ ਹੈ। ਪਰਮਜੀਤ ਸਿੰਘ ਵਿਆਹਿਆ ਹੈ ਅਤੇ ਥਰਮਲ ’ਚ ਕੰਮ ਕਰਦਾ ਹੈ। ਉਸ ਦੀ ਦੋ ਸਾਲ ਦੀ ਲੜਕੀ ਹੈ। ਅੰਮ੍ਰਿਤਪਾਲ ਅਜੇ ਕੁਆਰਾ ਹੈ। ਪਰਮਜੀਤ ਨੂੰ ਸ਼ੱਕ ਸੀ ਕਿ ਪਰਵਿੰਦਰ ਸਿੰਘ ਉਸ ਦੀ ਘਰਵਾਲੀ 'ਤੇ ਬੁਰੀ ਨਜ਼ਰ ਰੱਖਦਾ ਹੈ। ਜਿਸ ਕਰਕੇ ਉਸ ਨੇ ਅੰਮ੍ਰਿਤਪਾਲ ਨਾਲ ਮਿਲਕੇ ਇਹ ਕਤਲ ਉਦੋਂ ਕਰ ਦਿੱਤਾ ਜਦੋਂ ਪਰਵਿੰਦਰ ਵਿਆਹ ਵਾਲੇ ਘਰੋਂ ਆਪਣੇ ਘਰ ਵਾਪਿਸ ਆ ਰਿਹਾ ਸੀ। ਆਈਜੀ ਨੇ ਦੱਸਿਆ ਕਿ ਪੁਲਿਸ ਨੇ ਕਤਲ ਕਰਨ ਸਮੇਂ ਵਰਤਿਆ ਤੇਜਧਾਰ ਹਥਿਆਰ ਅਤੇ ਖੂਨ ਨਾਲ ਲਿੱਬੜੇ ਕੱਪੜੇ ਬਰਾਮਦ ਕਰ ਲਏ ਹਨ। ਉਨਾਂ ਦੱਸਿਆ ਕਿ ਪੁਲਿਸ ਹੁਣ ਮੁਲਜਮਾਂ ਦਾ ਰਿਮਾਂਡ ਲਵੇਗੀ ਤਾਂ ਜੋ ਕੋਈ ਹੋਰ ਤੱਥ ਵੀ ਸਾਹਮਣੇ ਆ ਸਕੇ। ਇਸ ਮੌਕੇ ਡੀ.ਐੱਸ.ਪੀ. ਗੋਪਾਲ ਚੰਦ ਅਤੇ ਮੁੱਖ ਥਾਣਾ ਅਫਸਰ ਨਥਾਣਾ ਰਜਿੰਦਰ ਕੁਮਾਰ ਵੀ ਹਾਜਰ ਸਨ।