ਮੋਗਾ, 16 ਫਰਵਰੀ 2020 - ਮੋਗਾ ਦੇ ਕਸਬੇ ਧਰਮਕੋਟ ਦੇ ਨੇੜੇ ਪਿੰਡ ਸੈਦਪੁਰ ਜਲਾਲ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਸਹੁਰੇ ਘਰ ਜਾ ਕੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਉਸ ਵਿਅਕਤੀ ਨੇ ਆਪਣੀ ਪਤਨੀ, ਸੱਸ, ਸਾਲੇ, ਸਾਲੇਹਾਰ ਅਤੇ ਉਨ੍ਹਾਂ ਦੀ ਇੱਕ ਲੜਕੀ ਨੂੰ ਗੋਲੀ ਮਾਰ ਦਿੱਤੀ। ਜਵਾਈ ਵੱਲੋਂ ਕੀਤੀ ਇਸ ਫਾਇਰਿੰਗ ਵਿੱਚ 4 ਜਾਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਜੀਆਂ ਦੀ ਪਹਿਚਾਣ ਸੱਸ ਸੁਖਵਿੰਦਰ ਕੌਰ, ਸਾਲ਼ੇਹਾਰ ਇੰਦਰਜੀਤ ਕੌਰ, ਮੁਲਜ਼ਮ ਦੀ ਪਤਨੀ ਰਾਜਵਿੰਦਰ ਕੌਰ ਅਤੇ ਸਾਲੇ ਜਸਕਰਨ ਸਿੰਘ ਵਜੋਂ ਹੋਈ ਹੈ ਜਦੋਂ ਕਿ ਗੰਭੀਰ ਰੂਪ 'ਚ ਜ਼ਖਮੀ ਹੋਈ 7 ਸਾਲਾ ਬੱਚੀ ਜਸ਼ਨਪ੍ਰੀਤ ਸਿਵਲ ਹਸਪਤਾਲ ਮੋਗਾ ਵਿਖੇ ਜੇਰੇ ਇਲਾਜ ਹੈ।
ਗੋਲੀ ਚਲਾਉਣ ਵਾਲੇ ਵਿਅਕਤੀ ਦਾ ਨਾਮ ਹੌਲਦਾਰ ਕੁਲਵਿੰਦਰ ਸਿੰਘ ਹੈ। ਉਸ ਨੇ ਆਪਣੇ ਸਰਵਿਸ ਹਥਿਆਰ ਏਕੇ-47 ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ, ਉਹ ਉਸ ਨੂੰ ਸਰਕਾਰੀ ਤੌਰ ’ਤੇ ਅਲਾਟ ਕੀਤੀ ਗਈ ਹੋਈ ਹੈ। ਨਿਊਜ਼ ਚੈਨਲ 'ਸਾਡਾ ਮੋਗਾ ਡੌਟ ਕੌਮ’ ਦੀ ਖਬਰ ਅਨੁਸਾਰ ਹੌਲਦਾਰ ਕੁਲਵਿੰਦਰ ਰਾਤ ਸਮੇਂ ਆਪਣੇ ਪੁੱਤਰ ਨਾਲ ਝਗੜ ਰਿਹਾ ਸੀ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹ ਸਫ਼ਲ ਨਾ ਹੋਏ ਤਾਂ ਉਹਨਾਂ ਕੁਲਵਿੰਦਰ ਸਿੰਘ ਨੂੰ ਘਰ ਵਿਚ ਹੀ ਬੰਨ੍ਹ ਦਿੱਤਾ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ ਪਰ ਉਹ ਕਿਸੇ ਤਰਾਂ ਪੁਲਿਸ ਸਟੇਸ਼ਨ ‘ਚੋਂ ਸਵੈ ਚਾਲਿਤ ਹਥਿਆਰ ਲੈ ਕੇ ਤੜਕਸਾਰ ਸਹੁਰੇ ਘਰ ਪਹੁੰਚ ਗਿਆ ਅਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰਕ ਮੈਂਬਰਾਂ ਵਿੱਚ ਭਗਦੜ ਮੱਚ ਗਈ ਅਤੇ ਕਈਆਂ ਨੇ ਭੱਜ ਕੇ ਜਾਨਾਂ ਬਚਾਈਆਂ।
ਐੱਸ.ਐੱਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੌਲਦਾਰ ਕੁਲਵਿੰਦਰ ਸਿੰਘ ਆਪਣੇ ਸਹੁਰੇ ਪਰਿਵਾਰ ਨਾਲ ਰਲ ਕੇ ਸੂਰ ਪਾਲਣ ਦਾ ਧੰਦਾ ਕਰਦਾ ਸੀ ਜਿਸ ਕਰਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰਾਤ ਹੋਈ ਲੜਾਈ ਝਗੜੇ ਤੋਂ ਬਾਅਦ ਸਵੇਰ ਸਮੇਂ ਦੋਸ਼ੀ ਨੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇ ਦਿੱਤਾ। ਉਹਨਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਉਪਰੰਤ ਦੋਸ਼ੀ ਹੌਲਦਾਰ ਨੇ ਖੁਦ ਥਾਣੇ ਵਿਚ ਜਾ ਕੇ ਆਤਮ ਸਮਰਪਣ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਇਸ ਵੱਲੋਂ ਪਹਿਲਾਂ ਵੀ ਹੌਲਦਾਰ ਵੱਲੋਂ ਤੈਸ਼ ‘ਚ ਆ ਕੇ ਹਵਾਈ ਫਾਇਰਿੰਗ ਕੀਤੀ ਗਈ ਸੀ, ਜਿਸ ਦਾ ਕੇਸ ਅਜੇ ਚੱਲ ਰਿਹਾ ਹੈ। ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛੇ ਜਾਣ ਕਿ ‘‘ਬੀਤੀ ਰਾਤ ਹੋਈ ਤਲਖਕਲਾਮੀ ਤੋਂ ਬਾਅਦ ਸਹੁਰੇ ਪਰਿਵਾਰ ਨੇ ਆਪਣੇ ਜਵਾਈ ਹੌਲਦਾਰ ਕੁਲਵਿੰਦਰ ਸਿੰਘ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ ਤਾਂ ਫਿਰ ਇਹ ਉੱਥੋਂ ਕਿਵੇਂ ਛੁੱਟ ਕੇ ਆ ਗਿਆ ? ’’ ਦਾ ਜਵਾਬ ਦਿੰਦਿਆਂ ਐੱਸ ਐੱਸ ਪੀ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜੇਕਰ ਕੋਈ ਅਜਿਹੀ ਅਣਗਹਿਲੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।