ਅਸ਼ੋਕ ਵਰਮਾ
ਬਠਿੰਡਾ ,17 ਫਰਵਰੀ 2020: ਅੱਜ ਪਿੰਡ ਝੁੰਬਾਂ ਭਾਈਕਾ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਜਸਵੰਤ ਸਿੰਘ ਮਾਨ ਤੇ ਪਾਲ ਸਿੰਘ ਦੀ ਪੑਧਾਨਗੀ ਹੇਠ ਪੇਂਡੂ ਰਾਜਸੀ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿੱਚ ਜੁੜੇ ਲੋਕਾ ਨੇ ਨਾਗਰਿਕ ਸੋਧ ਕਾਨੂੰਨ ਖ਼ਿਲਾਫ਼ ਨਾਹਰੇ ਲਾਕੇ ਇਸਦਾ ਵਿਰੋਧ ਕੀਤਾ ਅਤੇ ਦੇਸ਼ ਭਰ ਵਿੱਚ ਇਸਦਾ ਵਿਰੋਧ ਕਰ ਰਹੇ ਲੋਕਾ ਨਾਲ ਇਕਜੁਟਤਾ ਪੑਗਟ ਕੀਤੀ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੀ ਪੀ ਆਈ ਦੇ ਸੂਬਾ ਮੀਤ ਸਕੱਤਰ ਜਗਜੀਤ ਸਿੰਘ ਜੋਗਾ ਨੇ ਮੋਦੀ ਸਰਕਾਰ ਵੱਲੋਂ ਬਣਾਏ ਨਾਗਰਿਕ ਸੋਧ ਕਾਨੂੰਨ ਨੂੰ ਗਰੀਬ ਵਿਰੋਧੀ ਤੇ ਧਰਮ ਦੇ ਅਧਾਰ ਉਤੇ ਭੇਦਭਾਵ ਕਰਨ ਵਾਲਾ ਸੰਵਿਧਾਨ ਵਿਰੋਧੀ ਕਾਨੂੰਨ ਦੱਸਿਆ। ਉਹਨਾ ਸਿੱਖ ਸਿਧਾਂਤਾਂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਬਾਦਲ ਅਕਾਲੀ ਦਲ ਵੱਲੋਂ ਇਸ ਧਾਰਮਿਕ ਅਧਾਰ ਉਤੇ ਲੋਕਾ ਨੂੰ ਵੰਡਣ ਵਾਲੇ ਤੇ ਗਰੀਬ ਵਿਰੋਧੀ ਕਾਨੂੰਨ ਦੇ ਹੱਕ ਵਿੱਚ ਵੋਟ ਪਾਉਣ ਦੀ ਕਾਰਵਾਈ ਨੂੰ ਸੑੀ ਗੁਰੂ ਗਰੰਥ ਸਾਹਿਬ ਦੀਆ ਸਿੱਖਿਆਵਾਂ ਨੂੰ ਪਿੱਠ ਦੇਣਾ ਕਰਾਰ ਦਿੱਤਾ। ਸੑੀ ਜੋਗਾ ਨੇ ਬੀ ਜੇ ਪੀ ਤੇ ਅਕਾਲੀ ਦਲ ਵੱਲੋਂ ਸਵਾਮੀਨਾਥਨ ਕਮਿਸ਼ਨ ਦੀਆ ਸਿਫਾਰਿਸਾ ਲਾਗੂ ਕਰਨ, ਕਿਸਾਨਾ ਦੀ ਆਮਦਨ ਦੁਗਣੀ ਕਰਨ, ਗੈਸ ਪੈਟਰੋਲ ਡੀਜ਼ਲ ਦੀਆ ਵੱਧ ਰਹੀਆ ਕੀਮਤਾਂ ਨੂੰ ਠੱਲ ਪਾਉਣ, ਹਰ ਸਾਲ ਦੋ ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ, ਵਿਦੇਸ਼ਾਂ ਵਿੱਚ ਜਮਾਂ ਕਾਲਾ ਧਨ ਵਾਪਿਸ ਲਿਆਉਣ, ਹਰ ਬੇਘਰੇ ਨੂੰ ਘਰ ਬਣਾਕੇ ਦੇਣ, ਰੁਪੈ ਦੀ ਗਿਰਦੀ ਕੀਮਤ ਨੂੰ ਰੋਕਣ ਅਤੇ ਗਿਰਦੀ ਅਰਥ ਵਿਵਸਥਾ ਨੂੰ ਰੋਕਣ ਦੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਨਾਂ ਕਰਨ ਨੂੰ ਵੋਟਾ ਲੁੱਟਣ ਲਈ ਲੋਕਾ ਨਾਲ ਠੱਗੀ ਮਾਰਨ ਦੀ ਘਿਨਾਉਣੀ ਕਾਰਵਾਈ ਦਸਿਆ। ਉਹਨਾ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਦੇ ਹਰ ਲੋਕ ਵਿਰੋਧੀ, ਫੁੱਟ ਪਾਊ, ਨਫ਼ਰਤ ਤੇ ਫਿਰਕਾਪੑਸਤੀ ਫੈਲਾਉਣ ਵਾਲੇ ਕੰਮਾਂ ਵਿੱਚ ਅਕਾਲੀ ਦਲ ਵੱਲੋਂ ਸਾਥ ਦੇਣਾ ਪੰਜਾਬੀਆਂ ਨਾਲ ਬੇਵਫ਼ਾਈ ਕਰਨ ਦੇ ਸਮਾਨ ਹੈ। ਕਮਿਊਨਿਸਟ ਆਗੂ ਨੇ ਦੋਸ਼ ਲਾਇਆ ਕਿ ਬਾਦਲ ਤੇ ਕੈਪਟਨ ਪਰਿਵਾਰ ਦੀ ਅੰਦਰਖਾਤੇ ਮਿਲੀ ਭੁਗਤ ਦਾ ਹੀ ਨਤੀਜਾ ਹੈ ਕਿ ਨਸ਼ਿਆ ਦੇ ਕਾਰੋਬਾਰ ਵਿਚ ਲੁਪਤ ਵੱਡੇ ਵੱਡੇ ਸਿਆਸੀ ਆਗੂਆ ਖ਼ਿਲਾਫ਼ ਅਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸੀਆ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਸੑੀ ਜੋਗਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਹਰ ਘਰ ਨੌਕਰੀ ਦੇਣ, ਨਸ਼ਿਆ ਦੇ ਵਪਾਰ ਨੂੰ ਜੜੋ ਖਤਮ ਕਰਨ ਤੇ ਗੁਰੂ ਗਰੰਥ ਸਾਹਿਬ ਤੇ ਬਹਿਬਲ ਕਲਾ ਕਾਢ ਦੇ ਦੋਸੀਆ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਪੂਰੇ ਨਾਂ ਕੀਤੇ ਤਾਂ ਲੋਕ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਵੀ ਸਜ਼ਾ ਦੇਣਗੇ। ਉਹਨਾ ਦੇਸ਼ ਭਰ ਦੇ ਖੇਤ ਮਜ਼ਦੂਰਾਂ ਵੱਲੋਂ 20 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਜੰਤਰ ਮੰਤਰ ਦਿੱਲੀ ਵਿਖੇ ਆਪਣੀਆ ਮੰਗਾ ਲਈ ਕੀਤੀ ਜਾ ਰਹੀ ਵਿਸਾਲ ਰੈਲੀ ਨੂੰ ਸਫਲ ਬਣਾਉਣ ਦੀ ਲੋਕਾ ਨੂੰ ਅਪੀਲ ਕੀਤੀ।
ਇਸ ਪੇਂਡੂ ਕਾਨਫਰੰਸ ਵਿਚ ਬੋਲਦਿਆਂ ਸੀ ਪੀ ਆਈ ਦੇ ਜਿਲਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆ ਖ਼ਿਲਾਫ਼ 9 ਖੱਬੀਆਂ ਪਾਰਟੀਆਂ ਵੱਲੋਂ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਵਿਸਾਲ ਰੋਸ ਰੈਲੀ ਵਿੱਚ ਵੱਡੇ ਪੈਮਾਨੇ ਉਤੇ ਸਾਮਲ ਹੋਣ ਦੀ ਅਪੀਲ ਕੀਤੀ। ਉਹਨਾ ਕੇਂਦਰ ਤੇ ਪੰਜਾਬ ਸਰਕਾਰ ਦੀਆ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਕੇਵਲ ਕਾਗਜੀ ਤੇ ਲੋਕਾ ਨੂੰ ਗੁੰਮਰਾਹ ਕਰਨ ਵਾਲ਼ੀਆਂ ਸਕੀਮਾਂ ਦੱਸਿਆ। ਜੋ ਅਮਲ ਵਿੱਚ ਧਰਾਤਲ ਉਤੇ ਨਹੀਂ ਉਤਰ ਰਹੀਆ ਹਨ। ਇਸ ਮੌਕੇ ਸੀ ਪੀ ਆਈ ਦੀ ਜਿਲਾ ਮੀਤ ਸਕੱਤਰ ਬੀਬੀ ਜਸਵੀਰ ਕੌਰ ਸਰਾ ਨੇ ਮੋਦੀ ਸਰਕਾਰ ਉਤੇ ਪੇਂਡੂ ਗ਼ਰੀਬਾਂ ਦਾ ਸਹਾਰਾ ਨਰੇਗਾ ਸਕੀਮ ਨੂੰ ਤਾਰਪੀਡੋ ਕਰਨ ਦਾ ਦੋਸ਼ ਲਾਇਆ। ਬਜਟ 2020 ਵਿੱਚ ਮਗਨਰੇਗਾ ਲਈ ਫੰਡਾਂ ਵਿੱਚ ਕਟੌਤੀ ਕਰਨਾ ਇਸਦਾ ਮੂੰਹੋਂ ਬੋਲਦਾ ਸਬੂਤ ਹੈ। ਕਾਨਫਰੰਸ ਵਿੱਚ ਪਾਰਟੀ ਦੇ ਬਲਾਕ ਮੀਤ ਸਕੱਤਰ ਸੁਖ਼ਨ ਲਾਲ ਝੁੰਬਾ, ਸੁਰਜੀਤ ਸਰਦਾਰਗੜ, ਬਰਾਂਚ ਆਗੂ ਗੁਰਚਰਨ ਸਿੰਘ ਤੇ ਸੁਰਜੀਤ ਬਰਨਾਲਾ ਵੀ ਹਾਜ਼ਰ ਸਨ। ਭਾਈ ਮੰਨਾਂ ਸਿੰਘ ਰੰਗ ਮੰਚ ਭਗਤਾ ਭਾਈਕਾ ਨੇ ਇਸ ਮੌਕੇ ਇਨਕਲਾਬੀ ਨਾਟਕਾਂ ਦੀ ਪੇਸ਼ਕਾਰੀ ਵੀ ਕੀਤੀ ਅਤੇ ਦਰਸ਼ਨ ਸਿੰਘ ਸੰਗੀਤ ਮੰਡਲੀ ਨੇ ਇਨਕਲਾਬੀ ਗੀਤ ਸੰਗੀਤ ਦੇ ਰੰਗ ਬੰਨੇ।