ਸਿਨੇਮਾ ਰੋਡ ਨੂੰ ਪਿਛਲੇ 3 ਮਹੀਨਿਆਂ ਤੋਂ ਪੁੱਟ ਕੇ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ
ਅਸ਼ੋਕ ਵਰਮਾ
ਮਾਨਸਾ 17 ਫਰਵਰੀ 2020।ਪਿਛਲੇ 3 ਮਹੀਨੇ 10 ਦਿਨ ਤੋਂ ਅਧੂਰਾ ਪਏ ਸਿਨੇਮਾ ਰੋਡ ਦੀ ਉਸਾਰੀ ਨੂੰ ਲੈਕੇ ਪ੍ਰਭਾਵਿਤ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਮਾਨਸਾ ਪ੍ਰਸ਼ਾਸ਼ਨ ਖਿਲਾਫ ਰੋਸ ਵਿਖਾਵਾ ਕੀਤਾ ਅਤੇ ਖਰੀਆਂ ਖਰੀਆਂ ਸੁਣਾਈਆਂ ਕਿ ਜੇ ਉਨ੍ਹਾਂ ਦੀ ਮੰਗ ਨੂੰ ਪੂਰਾ ਨਾਂ ਕੀਤਾ ਤਾਂ ਉਹ ਆਰ ਪਾਰ ਦੀ ਲੜਾਹੀ ਲੜਨਗੇ ਜਿਸ ਦੇ ਸਿੱਟਿਆਂ ਪ੍ਰਤੀ ਅਧਿਕਾਰੀ ਜਿੰਮੇਵਾਰ ਹੋਣਗੇ। ਵਿਖਾਵਾਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈਕੇ ਕਾਫੀ ਵਾਰ ਪ੍ਰਦਰਸ਼ਨ ਅਤੇ ਧਰਨੇ ਵੀ ਹੋ ਚੁੱਕੇ ਹਨ ਪਰ ਇਸ ਰੋਡ ਦੇ ਦੁਕਾਨਦਾਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਿਛਲੇ ਦੋ ਦਿਨਾਂ ਤੋਂ ਪੁੱਟੀ ਹੋਈ ਸੜਕ ਉੱਪਰ ਤਕਰੀਬਨ 1-1 ਫੁੱਟ ਸੀਵਰੇਜ ਦਾ ਪਾਣੀ ਫਿਰਦਾ ਹੈ ਜਿਸ ਕਾਰਣ ਸੜਕ ਨਿਰਮਾਣ ਦਾ ਕੰਮ ਰੁਕਿਆ ਹੋਇਆ ਹੈ ਅਤੇ ਮਾਨਸਾ ਸ਼ਹਿਰ ਦਾ ਪ੍ਰੁਮੁੱਖ ਬਜ਼ਾਰ ਹੋਣ ਕਾਰਣ ਜਿੱਥੇ ਆਮ ਲੋਕਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਸ ਸੜਕ ਦੇ ਦੁਕਾਨਦਾਰਾਂ ਦਾ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਆਖਿਆ ਕਿ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਸੜਕ ਬਣਨ ਉਪਰੰਤ ਉਨ੍ਹਾਂ ਦੇ ‘ਅੱਛੇ ਦਿਨ ’ ਆ ਜਾਣਕੇ ਪਰ ਇੱਥੇ ਤਾਂ ਉਲਟਾ ਹੋਇਆ ਅਤੇ ਲੋਕਾਂ ਦੇ ਮਾੜੇ ਦਿਨ ਆ ਗਏ ਹਨ।
ਅੱਜ ਇਸ ਸੜਕ ਦੇ ਪ੍ਰਭਾਵਿਤ ਦੁਕਾਨਦਾਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਦੀ ਅਗਵਾਈ ਵਿੱਚ ਇੱਕ ਵਫਦ ਐਸਡੀਐਮ ਮਾਨਸਾ ਨੂੰ ਮਿਲਿਆ ਅਤੇ ਲਿਖਤੀ ਦਰਖਾਸਤ ਦਿੱਤੀ ਜਿਸ ਵਿੱਚ ਮੰਗ ਕੀਤੀ ਗਈ ਕਿ ਨਗਰ ਕੌਂਸਲ ਦੇ ਦੁਆਰਾ ਪਿਛਲੇ 3 ਮਹੀਨਿਆਂ ਤੋਂ ਪੁੱਟ ਕੇ ਛੱਡ ਦਿੱਤੀ ਗਈ ਇਸ ਸੜਕ ਨੂੰ ਪੁੱਟਣ ਵਾਲੇ ਠੇਕੇਦਾਰ ਅਤੇ ਨਗਰ ਕੌਂਸਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈਅਤੇ ਇਸ ਸੜਕ ਦਾ ਨਿਰਮਾਣ ਇੱਕ ਹਫਤੇ ਦੇ ਅੰਦਰ ਅੰਦਰ ਕੀਤਾ ਜਾਵੇ। ਇਸਤੋਂ ਇਲਾਵਾ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ, ਸੀਵਰੇਜ ਦੀਆਂ ਪਾਇਪਾਂ ਨੂੰ ਸਾਫ ਕੀਤਾ ਜਾਵੇ ਅਤੇ ਵਾਟਰ ਵਰਕਸ ਦੀਆਂ ਪਾਇਪਾਂ ਦੀ ਵੀ ਸਫਾਈ ਕੀਤੀ ਜਾਵੇ ਕਿਉਂਕਿ ਸੀਵਰੇਜ਼ ਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਵਿੱਚ ਮਿਕਸ ਹੋ ਚੁੱਕਾ ਹੈ ਜਿਸ ਕਾਰਣ ਮਾਨਸਾ ਸ਼ਹਿਰ ਵਿੱਚ ਗੰਭੀਰ ਬਿਮਾਰੀਆਂ ਪੈਦਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਸਮੇਂ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਅਤੇ ਆਮ ਆਦਮੀ ਪਾਰਟੀ ਸ਼ਹਿਰੀ ਦੇ ਪ੍ਰਧਾਨ ਕਮਲ ਗੋਇਲ ਨੇ ਮਾਨਸਾ ਨਗਰ ਕੌਂਸਲ ਵਿੱਚ ਪਿਛਲੇ 15 ਦਿਨਾਂ ਤੋਂ ਈਓ ਅਤੇ ਜੇਈ ਨਾ ਹੋਣ ਦਾ ਮੁੱਦਾ ਵੀ ਐਸਡੀਐਮ ਸਾਹਮਣੇ ਉਠਾਇਆ।