'ਵਰਸਿਟੀ ਦੇ 6 ਖਿਡਾਰੀ ਜਰਮਨੀ 'ਚ ਹੋਣ ਵਾਲੇ ਕਵਾਨ ਕੀ ਡੂ ਚੈਂਪੀਅਨਸ਼ਿੱਪ 'ਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ
ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਏ 9 ਤਮਗ਼ੇ ਜਿੱਤੇ
ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਖੇਲੋ ਇੰਡੀਆ ਖੇਲੋ' ਪ੍ਰੋਗਰਾਮ ਤਹਿਤ ਖੇਡਾਂ ਵੱਲ ਨੌਜਵਾਨਾਂ ਦੀ ਰੁਚੀ ਨੂੰ ਵਧਾਉਣ ਦੇ ਮਕਸਦ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।'ਵਰਸਿਟੀ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ 'ਤੇ ਨਵੇਂ ਕੀਰਤੀਮਾਨ ਸਥਾਪਿਤ ਕਰਦੇ ਹੋਏ ਇਸ ਸਾਲ ਕੁੱਲ 95 ਤਮਗ਼ੇ ਹਾਸਿਲ ਕੀਤੇ ਹਨ। ਜਿਨ੍ਹਾਂ ਵਿੱਚ 34 ਸੋਨ, 28 ਚਾਂਦੀ ਅਤੇ 33 ਕਾਂਸੀ ਦੇ ਤਮਗ਼ੇ ਸ਼ਾਮਲ ਹਨ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਡਾ. ਬਾਵਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਮੁਕਾਬਲਿਆਂ 'ਚ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਏ 'ਵਰਸਿਟੀ ਦੇ ਖਿਡਾਰੀਆਂ ਨੇ 3 ਸੋਨ, 3 ਚਾਂਦੀ ਅਤੇ 3 ਕਾਂਸੀ ਸਮੇਤ ਕੁੱਲ 9 ਤਮਗ਼ਿਆਂ 'ਤੇ ਕਬਜ਼ਾ ਕਰਦਿਆਂ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਹੈ ਜਦਕਿ ਨੈਸ਼ਨਲ ਪੱਧਰੀ ਖੇਡ ਮੁਕਾਬਲਿਆਂ 'ਚ 'ਵਰਸਿਟੀ ਦੇ ਖਿਡਾਰੀਆਂ ਨੇ 16 ਸੋਨ, 4 ਚਾਂਦੀ ਅਤੇ 5 ਕਾਂਸੀ ਦੇ ਤਮਗ਼ਿਆਂ ਸਮੇਤ ਕੁੱਲ 25 ਤਮਗ਼ੇ ਹਾਸਿਲ ਕੀਤੇ ਹਨ। ਡਾ. ਬਾਵਾ ਨੇ ਦੱਸਿਆ ਕਿ ਇਸੇ ਤਰ੍ਹਾਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ 'ਤੇ ਹੋਏ ਵੱਖ-ਵੱਖ ਮੁਕਾਬਲਿਆਂ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ 15 ਸੋਨ, 21 ਸਿਲਵਰ ਅਤੇ 25 ਕਾਂਸੀ ਦੇ ਤਮਗ਼ਿਆਂ ਸਮੇਤ ਕੁੱਲ 61 ਤਮਗ਼ੇ ਪ੍ਰਾਪਤ ਕਰਦਿਆਂ ਖੇਡ ਜਗਤ 'ਚ 'ਵਰਸਿਟੀ ਦਾ ਨਾਮ ਰੋਸ਼ਨਾਇਆ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ 6 ਖਿਡਾਰੀ ਜਰਮਨੀ 'ਚ ਹੋਣ ਵਾਲੇ ਕਵਾਨ ਕੀ ਡੂ ਚੈਂਪੀਅਨਸ਼ਿੱਪ 'ਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ ਜਦਕਿ ਅੰਤਰ ਯੂਨੀਵਰਸਿਟੀ ਬੈਸਟ ਫ਼ਿਜ਼ੀਕ ਮੁਕਾਬਲਿਆਂ ਦੇ +90 ਕਿਲੋਗ੍ਰਾਮ ਵਰਗ 'ਚ ਜੇਤੂ ਰਿਹਾ 'ਵਰਸਿਟੀ ਦਾ ਖਿਡਾਰੀ ਅਰਸ਼ਾਨ ਖ਼ਾਨ ਸਿੰਘਾਪੁਰ 'ਚ ਹੋਣ ਵਾਲੀ ਏਸ਼ੀਅਨ ਯੂਨੀਵਰਸਿਟੀ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਦੇ ਵਿਦਿਆਰਥੀਆਂ ਨੇ ਕੌਮਾਤਰੀ ਪੱਧਰ ਦੇ ਖੇਡ ਮੁਕਾਬਲਿਆਂ 'ਚ 9 ਤਮਗ਼ੇ ਜਿੱਤ ਕੇ ਜਿਥੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਪਣੀ ਬਿਹਤਰੀਨ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਜਿਸ ਦੇ ਅੰਤਰਗਤ ਅੰਤਰਰਾਸ਼ਟਰੀ ਪੱਧਰੀ ਖੇਡ ਮੁਕਾਬਲਿਆਂ 'ਚ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਏ ਬੇਲਾਰੁਸ, ਮੰਗੋਲੀਆ ਅਤੇ ਨੇਪਾਲ 'ਚ ਹੋਈਆਂ ਬਾਕਸਿੰਗ ਚੈਂਪੀਅਨਸ਼ਿਪਾਂ 'ਚ 81 ਕਿਲੋ ਭਾਰ ਵਰਗ 'ਚ ਸੁਸ਼ਮਾ ਲੀਅਰ ਨੇ ਸੋਨ ਤਮਗ਼ਾ, 60 ਕਿਲੋਗ੍ਰਾਮ ਭਾਰ ਵਰਗ 'ਚ ਸ਼ਸ਼ੀ ਚੋਪੜਾ ਨੇ ਬ੍ਰਾਂਜ਼ ਅਤੇ 75 ਕਿਲੋਗ੍ਰਾਮ ਵਰਗ 'ਚ ਅੰਕਿਤ ਕਟਾਣਾ ਨੇ ਸੋਨ ਤਮਗ਼ਾ ਜਿੱਤ ਕੇ ਆਪਣੀ ਉਤਮ ਖੇਡ ਦਾ ਪ੍ਰਦਰਸ਼ਨ ਕੀਤਾ ਹੈ।ਡਾ. ਬਾਵਾ ਨੇ ਦੱਸਿਆ ਕਿ ਇੰਡੋਨੇਸ਼ੀਆ 'ਚ ਹੋਈ ਰਗਵੀ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਲੜਕੀਆਂ 'ਚ ਸ਼ੀਤਲ ਨੇ ਚਾਂਦੀ ਅਤੇ ਲੜਕਿਆਂ 'ਚ ਅਜੇ, ਸੁਰਿੰਦਰ, ਦੀਪਕ ਕੁਮਾਰ ਅਤੇ ਮੋਹਿਤ ਖੱਤਰੀ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੇਨੱਈ 'ਚ ਹੋਏ 5ਵੇਂ ਰੋਲ ਬਾਲ ਵਰਲਡ ਕੱਪ 'ਚ ਵਰਸਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਜਿਸ ਦੌਰਾਨ ਲੜਕਿਆਂ 'ਚ ਓਮ ਸ਼ਿਵ ਓਮ ਅਤੇ ਗੋਵਿੰਦ ਗੌਰ ਨੇ ਗੋਲਡ ਅਤੇ ਲੜਕੀਆਂ 'ਚ ਖੁਸ਼ੀ ਗੁਪਤਾ ਨੇ ਚਾਂਦੀ ਦਾ ਤਮਗ਼ਾ ਆਪਣੇ ਨਾਮ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜ਼ਾਰਜ਼ੀਆ ਵਿਖੇ ਹੋਏ ਅੰਤਰਰਾਸ਼ਟਰੀ ਵੁਸ਼ੂ ਚਂੈਪੀਅਨਸ਼ਿਪ ਦੌਰਾਨ 'ਵਰਸਿਟੀ ਦੀ ਖਿਡਾਰਣ ਵਰਸ਼ਾ ਅਤੇ ਖਿਡਾਰੀ ਕਾਰਤਿਕ ਨੇ 2 ਬ੍ਰਾਂਜ਼ ਮੈਡਲ ਦੇਸ਼ ਦੀ ਝੋਲੀ 'ਚ ਪਾਏ ਹਨ।
ਨੈਸ਼ਨਲ ਪੱਧਰ 'ਤੇ ਹੋਏ ਵੱਖ-ਵੱਖ ਖੇਡ ਮੁਕਾਬਲਿਆਂ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਪੱਛਮੀ ਬੰਗਾਲ 'ਚ ਹੋਈ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ 'ਵਰਸਿਟੀ ਦੀ ਖਿਡਾਰਣ ਅੰਨੂ ਨੇ 63 ਕਿਲੋਗ੍ਰਾਮ ਭਾਰ ਵਰਗ 'ਚ ਸੋਨ, 72 ਕਿਲੋਗ੍ਰਾਮ ਵਰਗ 'ਚ ਰਸ਼ਮੀ ਨੇ ਸੋਨ ਅਤੇ +120 ਕਿਲੋਗ੍ਰਾਮ ਭਾਰ ਵਰਗ 'ਚ ਆਸੀਫ਼ ਅਲੀ ਖ਼ਾਨ ਨੇ ਚਾਂਦੀ ਦਾ ਤਮਗ਼ਾ ਪ੍ਰਾਪਤ ਕੀਤਾ ਜਦਕਿ ਨਵੀਂ ਦਿੱਲੀ ਵਿਖੇ ਹੋਏ ਜੂਨੀਅਰ ਨੈਸ਼ਨਲ ਬੈਂਚ ਪ੍ਰੈਸ ਚੈਂਪੀਅਨਸ਼ਿਪ ਦੌਰਾਨ 52 ਕਿਲੋ ਭਾਰ ਵਰਗ 'ਚ ਕੰਚਨ ਸਵਾਮੀ ਨੇ ਸੋਨ, +84 ਕਿਲੋ 'ਚ ਸ਼ਿਖ਼ਾ ਨੇ ਚਾਂਦੀ ਅਤੇ 74 ਕਿਲੋ ਵਰਗ 'ਚ ਧਰਮਿੰਦਰ ਨੇ ਸੋਨ ਤਮਗ਼ਾ ਜਿੱਤਦਿਆਂ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸੂਬੇ ਦੀ ਹਰਮਨ ਪਿਆਰੀ ਖੇਡ ਹਾਕੀ 'ਚ ਵੀ 'ਵਰਸਿਟੀ ਦੇ ਖਿਡਾਰੀਆਂ ਨੇ ਵਿਸ਼ੇਸ਼ ਰੁਚੀ ਵਿਖਾਉਂਦਿਆਂ ਹਿਸਾਰ 'ਚ ਹੋਈ ਆਲ ਇੰਡੀਆ ਹਾਕੀ ਚਂੈਪੀਅਨਸ਼ਿਪ 'ਚ ਪਹਿਲੇ ਸਥਾਨ 'ਤੇ ਰਹਿੰਦਿਆਂ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ ਹੈ ਜਦਕਿ ਗੁਜਰਾਤ 'ਚ ਹੋਈ ਸੀਨੀਅਰ ਨੈਸ਼ਨਲ ਰੋਲ ਬਾਲ ਚੈਂਪੀਅਨਸ਼ਿਪ ਦੌਰਾਨ 2 ਸੋਨ, 1 ਚਾਂਦੀ ਅਤੇ 3 ਬ੍ਰਾਂਜ਼ ਤਮਗ਼ੇ ਜਿੱਤ ਕੇ 'ਵਰਸਿਟੀ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ।ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ ਹੋਈ ਸੀਨੀਅਰ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ 75 ਕਿਲੋ ਭਾਰ ਵਰਗ 'ਚ ਅੰਕਿਤ ਕਟਾਣਾ ਨੇ ਜਿੱਥੇ ਸੋਨੇ ਦਾ ਤਮਗ਼ਾ ਜਿੱਤਿਆ ਉਥੇ ਅਸਾਮ 'ਚ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ 'ਚ 'ਵਰਸਿਟੀ ਦੇ ਖਿਡਾਰੀ ਆਕਾਸ਼ ਨੇ ਹਾਈ ਜੰਪ ਮੁਕਾਬਲੇ ਦੌਰਾਨ ਬ੍ਰਾਂਜ਼ ਅਤੇ 69 ਕਿਲੋ ਵਰਗ ਬਾਕਸਿੰਗ ਮੁਕਾਬਲਿਆਂ 'ਚ ਅੰਮ੍ਰਿਤ ਨੇ ਚਾਂਦੀ ਦਾ ਮੈਡਲ ਹਾਸਲ ਕੀਤਾ।ਡਾ. ਬਾਵਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿਖੇ ਹੋਈ ਯੂਥ ਨੈਸ਼ਨਲ ਵੁਸ਼ੂ ਚਂੈਪੀਅਨਸ਼ਿਪ ਦੌਰਾਨ 'ਵਰਸਿਟੀ ਦੇ ਖਿਡਾਰੀ ਵਿਨੈ ਨੇ 60 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਅਤੇ 80 ਕਿਲੋ ਭਾਰ ਵਰਗ 'ਚ ਰੋਹਿਤ ਨੇ ਕਾਂਸੀ ਦਾ ਤਮਗ਼ਾ ਆਪਣੇ ਨਾਮ ਕੀਤਾ ਜਦਕਿ ਮਹਾਂਰਾਸ਼ਟਰ ਦੇ ਨੰਦੇੜ ਵਿਖੇ ਸੀਨੀਅਰ ਰੱਸਾ ਕੱਸੀ ਚਂੈਪੀਅਨਸ਼ਿਪ ਦੌਰਾਨ 'ਵਰਸਿਟੀ ਨੇ ਪਹਿਲੇ ਸਥਾਨ 'ਤੇ ਰਹਿੰਦਿਆਂ ਸੋਨ ਤਮਗ਼ਾ ਜਿੱਤਣ ਦਾ ਮਾਣ ਹਾਸਲ ਕੀਤਾ।ਮਹਾਂਰਾਸ਼ਟਰ 'ਚ ਹੋਏ ਸੀਨੀਅਰ ਨੈਸ਼ਨਲ ਕਵਾਨ ਕੀ ਡੂ ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿਦਿੰਆ ਡਾ.ਬਾਵਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ 'ਵਰਸਿਟੀ ਦੇ ਖਿਡਾਰੀਆਂ ਨੇ ਜਿੱਤ ਦਾ ਝੰਡਾ ਲਹਿਰਾਉਂਦਿਆਂ ਕੁੱਲ 6 ਗੋਲਡ ਮੈਡਲ 'ਵਰਸਿਟੀ ਦੀ ਝੋਲੀ ਪਾਏ।
ਆਲ ਇੰਡੀਆ ਅੰਤਰ ਯੂਨੀਵਰਸਿਟੀ ਖੇਡ ਮੁਕਾਬਲਿਆਂ 'ਚ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਉਡੀਸਾ 'ਚ ਹੋਏ ਰੱਸਾ ਕੱਸੀ (ਬੀਚ) ਅਤੇ ਰੱਸਾ ਕੱਸੀ (ਆਊਟ ਡੋਰ) ਮੁਕਾਬਲਿਆਂ 'ਚ 600 ਕਿਲੋਗ੍ਰਾਮ ਅਤੇ 540 ਕਿਲੋ ਗ੍ਰਾਮ ਭਾਰ ਵਰਗ 'ਚ 'ਵਰਸਿਟੀ ਨੇ ਜਿਥੇ 2 ਸੋਨ ਤਮਗੇ ਹਾਸਿਲ ਕੀਤੇ ਉਥੇ ਆਊਟ ਡੋਰ ਮੁਕਾਬਲਿਆਂ ਦੌਰਾਨ 560 ਕਿਲੋ ਵਰਗ 'ਚ ਚਾਂਦੀ ਅਤੇ 640 ਕਿਲੋਗ੍ਰਾਮ ਵਰਗ ਅਧੀਨ ਬ੍ਰਾਂਜ਼ ਮੈਡਲ 'ਤੇ ਕਬਜ਼ਾ ਕੀਤਾ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਹੋਈ ਏ.ਆਈ.ਯੂ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੌਰਾਨ 2 ਬ੍ਰਾਂਜ਼ ਮੈਡਲ ਯੂਨੀਵਰਸਿਟੀ ਹਿੱਸੇ ਆਏ ਜਦਕਿ ਹਰਿਆਣਾ 'ਚ ਹੋਈ ਗਰੀਕ ਰੋਮਨ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ 67 ਕਿਲੋ ਭਾਰ ਵਰਗ 'ਚ ਚਾਂਦੀ ਦਾ ਤਮਗ਼ਾ ਪ੍ਰਾਪਤ ਹੋਇਆ।ਡਾ. ਬਾਵਾ ਨੇ ਦੱਸਿਆ ਕਿ ਆਲ ਇੰਡੀਆ ਵੇਟਲਿਫ਼ਟਿੰਗ ਚਂੈਪੀਅਨਸ਼ਿਪ 'ਚ ਵਰਸਿਟੀ ਦੇ ਖਿਡਾਰੀਆਂ ਨੇ 3 ਚਾਂਦੀ, 1 ਕਾਂਸੀ, ਬੈਸਟ ਫ਼ਿਜ਼ੀਕ ਚਂੈਪੀਅਨਸ਼ਿਪ 'ਚ 1 ਸੋਨ, 2 ਕਾਂਸੀ ਦੇ ਤਮਗ਼ੇ ਜਿੱਤੇ ਜਦਕਿ ਕਿੱਕ ਬਾਕਸਿੰਗ 'ਚ 1 ਚਾਂਦੀ ਅਤੇ 5 ਕਾਂਸੀ, ਬਾਕਸਿੰਗ 'ਚ 1 ਸੋਨ, 2 ਚਾਂਦੀ ਅਤੇ 1 ਕਾਂਸੀ, ਰਗਵੀ 'ਚ ਸੋਨ, ਕਵਾਨ ਕੀ ਡੂ ਚੈਂਪੀਅਨਸ਼ਿਪ 'ਚ 3 ਗੋਲਡ, 5 ਸਿਲਵਰ ਅਤੇ 8 ਕਾਂਸੀ, ਰੋਡ ਸਾਇਕਲਿੰਗ (ਲੜਕੇ) 2 ਚਾਂਦੀ ਤੇ ਕਾਂਸੀ, ਵੁੱਡਬਾਲ (ਲੜਕੇ-ਲੜਕੀਆਂ) 'ਚ 5 ਗੋਲਡ, 3 ਸਿਲਵਰ ਅਤੇ 1 ਕਾਂਸੀ, ਕਰਾਟੇ (ਲੜਕੀਆਂ) 'ਚ 2 ਬ੍ਰਾਂਜ ਅਤੇ ਪੈਨਚਕ ਸੀਲਟ 'ਚ 2 ਗੋਲਡ, 4 ਸਿਲਵਰ ਅਤੇ 1 ਬ੍ਰਾਂਜ਼ ਮੈਡਲ ਹਾਸਲ ਕਰਦਿਆਂ ਆਲ ਇੰਡੀਆਂ ਅੰਤਰ ਯੂਨੀਵਰਸਿਟੀ ਪੱਧਰ 'ਤੇ 'ਵਰਸਿਟੀ ਲਈ ਕੁੱਲ 61 ਤਮਗ਼ੇ ਜੋੜ ਕੇ ਵੱਡਾ ਨਾਮਣਾ ਖੱਟਿਆ ਹੈ।ਓਵਰਆਲ ਚੈਂਪੀਅਨਸ਼ਿਪਾਂ ਸਬੰਧੀ ਜਾਣਕਾਰੀ ਦਿੰਦਿਆ ਡਾ.ਬਾਵਾ ਨੇ ਦੱਸਿਆ ਕਿ ਆਲ ਇੰਡੀਆ ਅੰਤਰ ਯੂਨੀਵਰਸਿਟੀ ਰਗਬੀ ਚੈਂਪੀਅਨਸ਼ਿਪ 'ਚ ਜਿਥੇ 'ਵਰਸਿਟੀ ਨੇ ਓਵਰਆਲ ਕਬਜ਼ਾ ਕੀਤਾ ਉਥੇ ਹੀ ਬੈਸਟ ਫ਼ਿਜ਼ੀਕ ਚੈਂਪੀਅਨਸ਼ਿਪ 'ਤੇ ਕਬਜ਼ਾ ਕਰਦਿਆਂ ਮਿਸਟਰ ਏ.ਆਈ.ਯੂ ਐਵਾਰਡ ਦਾ ਮਾਣ ਵੀ ਹਾਸਲ ਹੋਇਆ।ਇਸੇ ਤਰ੍ਹਾਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਕਵਾਨ ਕੀ ਡੂ ਚੈਂਪੀਅਨਸ਼ਿਪ(ਲੜਕੇ-ਲੜਕੀਆਂ) 'ਚ ਦੂਜਾ ਅਤੇ ਵੇਟਲਿਫ਼ਟਿੰਗ ਚਂੈਪੀਅਨਸ਼ਿਪ 'ਚ 'ਵਰਸਿਟੀ ਦੀ ਟੀਮ ਤੀਜੇ ਸਥਾਨ 'ਤੇ ਰਹੀ।
ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਨੀਤੀਆਂ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਅੰਤਰਗਤ ਹਰ ਸਾਲ 'ਵਰਸਿਟੀ ਵੱਲੋਂ ਪ੍ਰਤੀਭਾਸ਼ਾਲੀ ਖਿਡਾਰੀਆਂ ਲਈ ਹਰ ਕੋਰਸਾਂ 'ਚ 5 ਫ਼ੀਸਦੀ ਸੀਟਾਂ ਰਾਖਵੀਂਆਂ ਰੱਖੀਆਂ ਜਾਂਦੀਆਂ ਹਨ ਜਦਕਿ ਹਰ ਸਾਲ ਧਿਆਨ ਚੰਦ ਸਪੋਰਟਸ ਸਕਾਲਰਸ਼ਿਪ ਅਧੀਨ 2.5 ਕਰੋੜ ਦਾ ਵਿਸ਼ੇਸ਼ ਬਜ਼ਟ ਹੋਣਹਾਰ ਖਿਡਾਰੀਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਅਧੀਨ ਇਸ ਸਹੂਲਤ ਦਾ ਲਾਭ 300 ਤੋਂ ਜ਼ਿਆਦਾ ਵਿਦਿਆਰਥੀ ਲੈ ਰਹੇ ਹਨ। ਜਿਸ ਵਿੱਚ 40 ਤੋਂ 100 ਫ਼ੀਸਦੀ ਫ਼ੀਸ ਰਿਆਇਤ, ਹੋਸਟਲ ਫ਼ੀਸ, ਡਾਇਟ ਫ਼ੀਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਕੋਚਾਂ ਦੀ ਸਹੂਲਤ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ।