ਸ੍ਰੀ ਗੁਰੂ ਹਰਿ ਗੋਬਿੰਦ ਥਰਮਲ ਪਲਾਂਟ (ਜੀ.ਐੱਚ.ਟੀ.ਪੀ.) ਲਹਿਰਾ ਮੁਹੱਬਤ ਵਿਖੇ ਵਿਦਿਅਕ ਟੂਰ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਦਿਆਰਥੀ ।
ਬਠਿੰਡਾ, 25 ਫਰਵਰੀ 2020: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਬੀ.ਐਸ.ਸੀ. ਅਤੇ ਐਮ.ਐੱਸ.ਸੀ. ਵਿਦਿਆਰਥੀਆਂ ਲਈ ਗੁਰੂ ਹਰਿ ਗੋਬਿੰਦ ਥਰਮਲ ਪਾਵਰ ਪਲਾਂਟ (ਜੀ.ਐੱਚ.ਟੀ.ਪੀ.), ਲਹਿਰਾ ਮੁਹੱਬਤ ਵਿਖੇ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ। ਟੂਰ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਵਹਾਰਕ ਸਥਿਤੀਆਂ ਤੋਂ ਜਾਣੂ ਕਰਾਉਣਾ ਸੀ।
ਵਿਭਾਗ ਦੇ ਮੁਖੀ ਡਾ. ਜਸਬੀਰ ਸਿੰਘ ਹੁੰਦਲ, ਡਾ. ਸਤਨਾਮ ਸਿੰਘ, ਡਾ. ਪੂਜਾ ਦੇਵੀ, ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਰਾਹੁਲ ਮੈਨਨ ਵਲੋਂ ਵਿਦਿਆਰਥੀਆਂ ਦੀ ਅਗਵਾਈ ਕੀਤੀ ਗਈ।
ਗੁਰੂ ਹਰਗੋਬਿੰਦ ਥਰਮਲ ਪਾਵਰ ਪਲਾਂਟ ਵਿਖੇ ਵਿਦਿਆਰਥੀਆਂ ਨੇ ਸੀਨੀਅਰ ਕਾਰਜਕਾਰੀ ਇੰਜੀਨੀਅਰ, ਵਿਕਾਸ ਗਰਗ ਅਤੇ ਇੰਜ: ਕੁਲਵਿੰਦਰ ਸਿੰਘ ਨਾਲ ਵਿਚਾਰ ਵਟਾਂਦਰਾ ਕਰਦਿਆਂ ਵਿਸਥਾਰ ਸਹਿਤ ਜਾਣਕਾਰੀ ਲਈ। ਉਨ੍ਹਾਂ ਵਿਦਿਆਰਥੀਆਂ ਨੂੰ ਥਰਮਲ ਪਲਾਂਟ ਅਤੇ ਇਸ ਦੀਆਂ ਵੱਖ-ਵੱਖ ਇਕਾਈਆਂ ਜਿਵੇਂ ਕਿ ਕੂਲਿੰਗ ਟਾਵਰ, ਬੋਇਲਰ, ਟਰਬਾਈਨ, ਡੀ. ਐਮ. ਵਾਟਰ ਸੈਕਸ਼ਨ, ਸਹਾਇਕ ਵਿਭਾਗ, ਨਿਯੰਤਰਣ ਇਕਾਈ ਆਦਿ ਦੇ ਕੰਮ-ਕਾਜ ਬਾਰੇ ਦੱਸਿਆ। ਵਿਦਿਆਰਥੀ ਮਾਹਰਾਂ ਤੋਂ ਆਪਣੇ ਪ੍ਰਸ਼ਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਖੁਸ਼ ਹੋਏ।
ਇਸ ਦੌਰੇ ਦਾ ਵਧੇਰੇ ਦਿਲਚਸਪੀ ਵਾਲਾ ਹਿੱਸਾ “ਐਜੂਕੇਸ਼ਨਲ ਟੂਰ ਮੁਕਾਬਲੇ ਦਾ ਪੋਰਟਰੇਟ” ਲਿਖਣਾ ਸੀ, ਜੋ ਟੂਰ ਤੋਂ ਪਰਤਣ ਬਾਅਦ ਆਯੋਜਿਤ ਕੀਤਾ ਗਿਆ ਸੀ। ਵਿਦਿਆਰਥੀਆਂ ਨੇ ਵਿਦਿਅਕ ਟੂਰ ਦੌਰਾਨ ਉਨ੍ਹਾਂ ਵਲੋਂ ਇਕੱਤਰ ਕੀਤੇ ਗਏ ਅਨੁਭਵਾਂ ਅਤੇ ਨਿਰੀਖਣਾਂ ਦੀ ਵਰਤੋਂ ਕਰਦਿਆਂ ਸ਼ਾਨਦਾਰ ਪੋਰਟਰੇਟ ਚਿੱਤਰਿਤ ਕੀਤੇ।
ਇਸ ਗਤੀਵਿਧੀ ਵਿਚ ਜੇਤੂਆਂ ਨੂੰ ਪੁਰਸਕਾਰ ਦਿੰਦੇ ਹੋਏ ਪ੍ਰੋ. (ਡਾ.) ਜਸਬੀਰ ਸਿੰਘ ਹੁੰਦਲ ਨੇ ਕਿਹਾ ਕਿ ਇਸ ਕਿਸਮ ਦੀਆਂ ਕਿਰਿਆਸ਼ੀਲਤਾ ਪੇਸ਼ਕਾਰੀਆਂ ਵਿਦਿਆਰਥੀਆਂ ਅੰਦਰ ਹੁਨਰ ਪੈਦਾ ਕਰਨ ਚ ਸਹਾਈ ਹੁੰਦੀਆਂ ਹਨ। ਭੌਤਿਕ ਵਿਗਿਆਨ ਵਿਭਾਗ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਦਾ ਇਸ ਵਿਦਿਅਕ ਟੂਰ ਦੇ ਪ੍ਰਬੰਧ ਦੀ ਆਗਿਆ ਦੇਣ ਲਈ ਧੰਨਵਾਦ ਕੀਤਾ ਗਿਆ।