ਜਗਦੀਸ਼ ਥਿੰਦ
ਫ਼ਾਜ਼ਿਲਕਾ, 25 ਫਰਵਰੀ
ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਿਸਾਨਾਂ ਨੰੂ ਖੇਤੀ ਵਿੱਚ ਬਦਲਾਅ ਲਿਆਉਣ ਅਤੇ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਕੱਢ ਕੇ ਉਨ੍ਹਾਂ ਦੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕਿਸਾਨਾਂ ਨੰੂ ਡੇਅਰੀ ਦੇ ਧੰਦੇ ਤੋਂ ਉਤਸ਼ਾਹਿਤ ਕਰਨ ਲਈ ਲੱਖਾਂ ਰੁਪਏ ਦੀ ਸਬਸਿਡੀ ਦੇ ਕਰਜ਼ੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਪੰਜਾਬ ਦੇ ਕਿਸਾਨ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਣ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਦਫ਼ਤਰ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੋਵੇ ਅਤੇ ਵਿਦਿੱਅਕ ਯੋਗਤਾ ਘੱਟ ਤੋਂ ਘੱਟ 5ਵੀ ਪਾਸ ਹੋਣ ਦੀ ਸੂਰਤ ’ਚ 15 ਤੋਂ 30 ਦਿਨਾਂ ਦਾ ਡੇਅਰੀ ਕੋਰਸ ਕਰਵਾ ਕੇ ਵੱਖ-ਵੱਖ ਬੈਂਕਾਂ ਵਿੱਚ ਨਾਬਾਰਡ/ਐਸ.ਪੀ.ਡੀ.ਡੀ ਸਕੀਮ ਅਧੀਨ ਕਰਜ਼ੇ ਸਪਾਂਸਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਪਸ਼ੂਆਂ ਦੀ ਨਸਲਾਂ, ਨਸਲ ਸੁਧਾਰ, ਹਰੇ ਚਾਰਿਆਂ ਬਾਰੇ, ਮਨਸੂਈ ਗਰਭਦਾਨ, ਗੱਭਣ ਚੈਕ ਕਰਨਾ ਤੇ ਵੱਖ-ਵੱਖ ਦੁੱਧ ਪਦਾਰਥਾਂ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਂਦੀ ਹੈ। ਚਾਹਵਾਨ ਨੌਜਵਾਨ ਡੇਅਰੀ ਸਿਖਲਾਈ ਲੈਣ ਲਈ ਡੇਅਰੀ ਸਿਖਲਾਈ ਸੈਂਟਰ, ਅਬੁੱਲ ਖੁਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਟੇ੍ਰਨਿੰਗ ਲੈ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਸ. ਸੰਧੂ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ 10 ਜਾਂ 10 ਤੋਂ ਵੱਧ ਦੁਧਾਰੂ ਪਸ਼ੂਆਂ ਦੇ ਕਮਰਸ਼ੀਅਲ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ, ਜਿਵੇਂ ਕਿ 10 ਮੱਝਾਂ ਜਾਂ ਗਾਵਾਂ ਦੀ 7 ਲੱਖ ਖਰੀਦ ਤੇ ਜਨਰਲ ਤੇ ਬੀ.ਸੀ. ਨੂੰ 1 ਲੱਖ 75 ਹਜ਼ਾਰ ਰੁਪਏ ਅਤੇ 2 ਲੱਖ 33 ਹਜਾਰ ਰੁਪਏ ਦੀ ਸਬਸਿਡੀ ਐਸ.ਸੀ. ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਾਬਾਰਡ ਸਕੀਮ ਅਧੀਨ 20 ਕੱਟੀਆਂ ਵੱਛੀਆਂ ਦੀ 9.70 ਲੱਖ ਖਰੀਦ ਤੇ ਜਨਰਲ ਤੇ ਬੀ.ਸੀ. ਨੂੰ 2 ਲੱਖ 42 ਹਜ਼ਾਰ ਰੁਪਏ ਦੀ ਸਬਸਿਡੀ ਅਤੇ 3 ਲੱਖ 24 ਹਜ਼ਾਰ ਰੁਪਏ ਦੀ ਸਬਸਿਡੀ ਐਸ. ਸੀ. ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦੋਗਲੀ ਗਾਵਾਂ ਦੇ ਸ਼ੈੱਡ ਤੇ 6 ਲੱਖ ਰੁਪਏ ਤੇ (1.50) ਡੇਢ ਲੱਖ ਰੁਪਏੇ ਦੀ ਅਤੇ ਮੱਝਾਂ ਦੇ ਸੈੱਡ ਪਾਉਣ ਲਈ 4 ਲੱਖ ਰੁਪਏ ਉੱਤੇ 1 ਲੱਖ ਰੁਪਏ ਦੀ ਸਬਸਿਡੀ ਜੋ ਕਿ ਵਿਭਾਗੀ ਡਿਜ਼ਾਇਨ ਅਨੁਸਾਰ ਹੋਣ ਤੇ ਮੁਹੱਈਆ ਕਰਵਾਈ ਜਾਂਦੀ ਹੈ।
ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਨੇ ਕਿਹਾ ਕਿ ਇਸ ਤੋਂ ਇਲਾਵਾ ਸੈਲਫ ਪ੍ਰੋਪੈਲਡ ਫੋਰੈਜ ਕਟਰ, ਟੀ.ਐਮ.ਆਰ. ਵੈਗਨ, ਮਿਲਕ ਵੈਡਿੰਗ ਯੁਨਿਟ, ਫੋਡਰ ਹਾਰਵੈਸਟਰ ਆਦਿ ਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਪਸ਼ੂਆਂ ਦਾ ਬੀਮੇ ਦਾ ਪ੍ਰੀਮੀਅਮ ਤਿੰਨ ਸਾਲਾਂ ਲਈ 75 ਫੀਸਦੀ ਅਤੇ ਪਹਿਚਾਣ ਚਿਪ, ਆਰ.ਐਫ.ਡੀ.ਟੈਗ ਦੀ ਪੂਰੀ ਕੀਮਤ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਵਰਗ ਦੇ ਲੋਕਾਂ ਲਈ 2 ਦੁਧਾਰੂ ਪਸ਼ੂਆਂ ਦੀ ਖਰੀਦ ਤੇ 33 ਫੀਸ਼ਦੀ ਸਬਸਿਡੀ ਤੇ ਬੀਮੇ ਦਾ ਪ੍ਰੀਮੀਅਮ 100 ਫੀਸ਼ਦੀ ਦਿੱਤਾ ਜਾਂਦਾ ਹੈ। ਸ੍ਰੀ ਬਰਾੜ ਨੇ ਨੌਜਵਾਨਾਂ ਨੰੂ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਡੇਅਰੀ ਦੇ ਧੰਦੇ ਨੰੂ ਨਵੀਂ ਲੀਹਾਂ ਤੇ ਲੈ ਕੇ ਜਾਣ ਦੀ ਅਪੀਲ ਕੀਤੀ।
ਡੇਅਰੀ ਵਿਭਾਗ ਦੇ ਇੰਸਪੈਕਟਰ ਸ੍ਰੀ ਮਨਪ੍ਰੀਤ ਸਿੰਘ ਨੇ ਚਾਹਵਾਨ ਉਮੀਦਵਾਰਾਂ ਨੰੂ ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਐਸ.ਐਸ.ਪੀ. ਬਲਾਕ ਵਿਖੇ ਸਥਾਪਿਤ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਫ਼ਾਜ਼ਿਲਕਾ ਦੇ ਕਮਰਾ ਨੰਬਰ 508-509 ਵਿਖੇ ਸੰਪਰਕ ਕਰ ਸਕਦੇ ਹਨ।