ਵੈਬ ਸੀਰੀਜ਼ 'ਚ 'ਨਾਨਕੀ' ਨਾਂ ਵਰਤਣ 'ਤੇ ਨੈਟਫਲਿੱਕਸ ਨੂੰ ਜਾਰੀ ਹੋਇਆ ਲੀਗਲ ਨੋਟਿਸ
ਚੰਡੀਗੜ੍ਹ , 27 ਫਰਵਰੀ, 2020 : ਨੈਟਫਲਿੱਕਸ ਵੱਲੋਂ ਵੈਬ ਸੀਰੀਜ਼ 'ਗਿਲਟੀ' ਵਿਚ ਕਿਆਰਾ ਅਡਵਾਨੀ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਦੇ ਪਾਤਰ ਦਾ ਨਾਂ 'ਨਾਨਕੀ' ਰੱਖਣ 'ਤੇ ਵਕੀਲ ਨੀਨਾ ਸਿੰਘ ਨੇ ਨੈਟਫਲਿੱਕਸ ਨੂੰ ਤੇ ਵੈਬਸੀਰੀਜ਼ ਦੇ ਡਾਇਰੈਕਟਰ ਰੁਕੀ ਨਰਾਇਣ ਨੂੰ ਲੀਗਲ ਨੋਟਿਸ ਜਾਰੀ ਕੀਤਾ ਹੈ।
ਆਪਣੇ ਨੋਟਿਸ ਵਿਚ ਨੀਨਾ ਸਿੰਘ ਨੈ ਕਿਹਾ ਕਿ ਇਹ ਸੀਰੀਜ਼ ਅੱਜ ਦੇ ਕਾਲਜ ਜਾਣ ਵਾਲੀ ਪੀੜੀ ਨੂੰ ਦਰਸਾਉਂਦੀ ਹੈ ਜੋ ਕਿ ਸਿਗਰਟਨੋਸ਼ੀ, ਸ਼ਰਾਬ ਪੀਣ, ਨਸ਼ਿਆਂ ਦਾ ਸੇਵਨ ਕਰਨ, ਵਿਆਹ ਤੋਂ ਪਹਿਲਾਂ ਸੈਕਸ ਕਰਨ ਆਦਿ ਵਿਚ ਲੱਗੀ ਹੈ ਤੇ ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਪੱਖ ਕਿਆਰਾ ਅਡਵਾਨੀ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਦੇ ਪਾਤਰ ਦਾ ਹੈ ਜਿਸਦਾ ਨਾਂ ਨਾਨਕੀ ਰੱਖਿਆ ਹੋਇਆ ਹੈ ਜਦਕਿ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਦਾ ਨਾਂ ਸੀ।
ਨੋਟਿਸ ਵਿਚ ਕਿਹਾ ਗਿਆ ਕਿ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਜਿਵੇਂ ਕੁਰਾਨ, ਰਮਾਇਣ, ਗੀਤਾ, ਬਾਈਬਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਤੇ ਸਿੱਖ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਵਿਚ ਗੁਰੂ ਸਾਹਿਬਾਨ ਅਤੇ ਸੰਤਾਂ ਮਹਾਂਪੁਰਖ ਨਾਲ ਜੁੜੀਆਂ ਕਈ ਪਵਿੱਤਰ ਤੇ ਚੰਗੀਆਂ ਮਹਿਲਾਵਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਦਾ ਜੀਵਨ ਸਾਰੀ ਦੁਨੀਆਂ ਦੀਆਂ ਮਹਿਲਾਵਾਂ ਲਈ ਪ੍ਰੇਰਨਾ ਸਰੋਤ ਹੈ। ਇਹ ਮਹਿਲਾਵਾਂ ਵਿਚ ਦਲੇਰੀ ਸੀ, ਇਹ ਨੈਤਿਕ ਤੌਰ 'ਤੇ ਉਚੀਆਂ ਕਦਰਾਂ ਕੀਮਤਾਂ ਦੀਆਂ ਧਾਰਨੀ ਸੀ, ਹਮੇਸ਼ਾ ਸੱਚ ਦੀ ਗੱਲ ਕਰਦੀਆਂ ਸਨ ਤੇ ਨਿਆਂ ਵਾਸਤੇ ਖੜ•ਦੀਆਂ ਸਨ। ਇਹ ਸਾਨੂੰ ਸੱਚਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀਅ ਸਨ। ਇਹਨਾਂ ਵਿਚ ਮਦਰ ਮੈਰੀ, ਸੀਤਾ, ਰਾਧਾ, ਜਾਨਕੀ ਤ ਸਭ ਤੋਂ ਪਵਿੱਤਰ ਨਾਨਕੀ ਜੋ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਸੀ । ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਮੁਲਕ ਵਿਚ ਰੁਚੀ ਨਰਾਇਣ ਇਕ ਮਹਿਲਾ ਡਾਇਰੈਕਟਰ ਹੋਣ ਦੇ ਬਾਵਜੂਦ ਨੈਟਫਲਿੱਕਸ 'ਤੇ ਵੈਬਸੀਰੀਜ਼ 'ਗਿਲਟੀ' ਪੇਸ਼ ਕੀਤੀ ਹੈ ਜਿਸ ਵਿਚ ਨਸ਼ੇ ਕਰਨ ਵਾਲੀ, ਸਿਗਰਟਨੋਸ਼ੀ ਕਰਨ ਵਾਲੀ, ਸ਼ਰਾਬ ਪੀਣ ਵਾਲੀ ਤੇ ਵਿਆਹ ਤੋਂ ਪਹਿਲਾਂ ਸੈਕਸ ਕਰਨ ਵਾਲੀ ਪਾਤਰ ਦਾ ਨਾਂ ਨਾਨਕੀ ਰੱਖਿਆ ਹੈ। ਇਸ ਵਿਚ ਸਵਾਲ ਕੀਤਾ ਗਿਆ ਕਿ ਡਾਇਰੈਕਟਰ ਨੇ ਪਾਤਰ ਦਾ ਨਾਂ ਸੀਤਾ ਜਾਂ ਰਾਧਾ ਕਿਉਂ ਨਹੀਂ ਰੱਖਿਆ ? ਇਹ ਕਿਹਾ ਗਿਆ ਕਿ ਡਾਇਰੈਕਟਰ ਨੇ ਜਾਣ ਬੁੱਝ ਕੇ ਸਿੱਖਾਂ ਦੀ ਬਦਨਾਮੀ ਕਰਵਾਉਣ ਦੇ ਮੰਤਵ ਨਾਲ ਪਾਤਰ ਦਾ ਨਾਂ ਨਾਨਕੀ ਰੱਖਿਆ ਹੈ। ਨੋਟਿਸ ਵਿਚ ਕਿਹਾ ਗਿਆ ਕਿ ਜੇਕਰ ਇਹ ਸੀਰੀਜ਼ ਜੋ 6 ਮਾਰਚ 2020 ਤੋਂ ਸ਼ੁਰੂ ਹੋਣੀ ਹੈ, ਨਾਨਕੀ ਨਾਂ ਨਾਲ ਚਲਾਈ ਗਈ ਤਾਂ ਉਹ ਡਾਇਰੈਕਟਰ ਤੇ ਨੈਟਫਲਿੱਕਸ ਦੋਵਾਂ ਖਿਲਾਫ ਫੌਜਦਾਰੀ ਕੇਸ ਦਾਇਰ ਕਰਨਗੇ।