ਹਰੀਸ਼ ਕਾਲੜਾ
ਰੂਪਨਗਰ, 27 ਫਰਵਰੀ 2020 - ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਇੱਕ ਰੋਜਾ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ (ਬਲਾਕਾਂ) ਤੋਂ ਮਲਟੀਪਰਪਜ ਹੈਲਥ ਵਰਕਰ (ਮੇਲ) ਨੇ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ, ਕਾਲਾ ਅਜਾਰ, ਫਾਇਲੇਰੀਆ, ਚਿਕਨਗੁਨੀਆ, ਜੈਪਨੀਜ ਇੰਨਸੇਫਲਾਇਟੇਸ ਆਦਿ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਹਨਾਂ ਕਿਹਾ ਕਿ ਮਲੇਰੀਆ ਖਾਤਮੇ ਦੇ ਟੀਚੇ ਤਹਿਤ ਜਰੂਰੀ ਹੈ ਕਿ ਇਸ ਪਾਸੇ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ। ਮਾਇਗ੍ਰੇਟਰੀ ਜਨਸੰਖਿਆ ਤੇ ਜਿਆਦਾ ਧਿਆਨ ਦਿੱਤਾ ਜਾਵੇ। ਟੀਚੇ ਅਨੁਸਾਰ ਬਲੱਡ ਸਲਾਇਡਾਂ ਬਣਾਈਆਂ ਜਾਣ।ਮੋਸਮ ਦੇ ਬਦਲਣ ਨਾਲ ਹੁਣ ਸਵਾਇਨ ਫਲੂ ਵਰਗੀਆਂ ਬੀਮਾਰੀਆਂ ਬਾਰੇ ਲੋਕਾਂ ਨੂੰ ਜਿਆਦਾ ਜਾਣਕਾਰੀ ਦਿੱਤੀ ਜਾਵੇ।
ਉਹਨਾਂ ਵੱਲੋਂ ਕੋਰੋਨਾ ਵਾਇਰਸ ਸੰਬੰਧੀ ਸਿਹਤ ਸੰਸਥਾਵਾਂ ਤੇ ਕੀਤੇ ਗਏ ਇੰਤਜਾਮਾ ਸੰਬੰਧੀ ਚਰਚਾ ਕੀਤੀ ਗਈ ਤੇ ਦੱਸਿਆ ਗਿਆ ਕਿ ਜਿਲ੍ਹਾ ਪੱਧਰ, ਅਤੇ ਐਸ.ਡੀ.ਐਚ. ਪੱਧਰ ਤੇ ਫਲੂ ਕਾਰਨਰ ਬਣਾਉਦੇ ਹੋਏ ਆਇਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ ਅਤੇ ਸਾਰੇ ਜਰੂਰੀ ਉਪਕਰਨ ਵੀ ਉਪਲੱਬਧ ਕਰਵਾਏ ਗਏ ਹਨ। ਕਿਸੇ ਵੀ ਸ਼ੱਕੀ ਮਰੀਜ ਦਾ ਸੈਂਪਲ ਜਿਲ੍ਹਾ ਹਸਪਤਾਲ ਵਿਖੇ ਈ.ਐਨ.ਟੀ. ਸਪੈਸ਼ਲਿਸਟ ਡਾਕਟਰ ਵੱਲੋਂ ਲਿਆ ਜਾਵੇਗਾ, ਜੋ ਨਿਯਮਾਂ ਮੁਤਾਬਿਕ ਜਾਂਚ ਲਈ ਭੇਜਿਆ ਜਾਵੇਗਾ।ਇਸ ਲਈ ਜੇਕਰ ਉਹਨਾਂ ਦੇ ਆਸ-ਪਾਸ ਕਿਸੇ ਵੀ ਤਰ੍ਹਾ ਦਾ ਕੋਈ ਵੀ ਸ਼ੱਕੀ ਕੇਸ ਸਾਹਮਣੇ ਆਂਉਦਾ ਹੈ ਤਾਂ ਤੁਰੰਤ ਰਿਪੋਰਟ ਕੀਤਾ ਜਾਵੇ।ਡਾ. ਸ਼ਰਮਾ ਵੱਲੋਂ ਹੋਲੇ ਮਹੱਲੇ ਨੂੰ ਮੁੱਖ ਰੱਖਦੇ ਹੋਏ ਸਾਰੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਸਿਹਤ ਸੰਭਾਲ ਅਤੇ ਕੋਰੋਨਾ ਵਾਇਰਸ ਸੰਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸੰਬੰਧੀ ਜਾਗਰੂਕ ਕਰਨ।
ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੀ ਜਿਆਦਾ ਲੋੜ ਹੈ।ਉਹਨਾਂ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਸੰਬੰਧੀ ਕਿਸੇ ਵੀ ਕਿਸਮ ਦੀ ਅਫਵਾਹ ਤੇ ਵਿਸ਼ਵਾਸ਼ ਨਾ ਕੀਤਾ ਜਾਵੇ। ਉਹਨਾਂ ਦੱਸਿਆ ਕਿઠ ਨੋਵਲ ਕੋਰੋਨਾ ਵਾਇਰਸ ਦੇ ਲੱਛਣ ਬਿਲਕੁਲ ਆਮ ਵਾਇਰਸ ਵਾਂਗ ਹੁੰਦੇ ਹਨ ਜਿਵੇ ਕਿ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ ਆਦਿ।ਇਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣੇ ਹੱਥ ਵਾਰ-ਵਾਰ ਧੋਣ, ਭੀੜ-ਭਾੜ ਵਾਲੇ ਖੇਤਰਾਂ ਵਿੱਚ ਜਾਣ ਸਮੇਂ ਮਾਸਕ ਦਾ ਇਸਤੇਮਾਲ ਕਰਨ, ਖੰਘਦੇ ਜਾਂ ਛਿੱਕਦੇ ਸਮੇ ਮੂੰਹ ਤੇ ਰੁਮਾਲ ਰੱਖਣ, ਘਰੇਲੂ ਨੁਸਖਿਆਂ ਦੀ ਬਜਾਏ ਸ਼ੱਕੀ ਮਰੀਜ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਜਾਣ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੈਨੂੰ ਭਾਟੀਆ, ਜਿਲ੍ਹਾ ਸਿਹਤ ਅਫਸਰ ਡਾ. ਜਗਦੀਸ਼ ਗਿੱਲ, ਡੀ.ਡੀ.ਐਚ.ਓ. ਡਾ. ਆਰ.ਪੀ.ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰਾਜ ਰਾਣੀ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਏ.ਐਮ.ਓ. ਭੁਪਿੰਦਰ ਸਿੰਘ, ਐਸ.ਆਈ. ਰਣਜੀਤ ਸਿੰਘ ਤੇ ਲਖਵੀਰ ਸਿੰਘ, ਖੁਸ਼ਹਾਲ ਸਿੰਘ, ਸੁਖਵਿੰਦਰ ਕੌਰ ਅਤੇ ਸਟਾਫ ਮੈਂਬਰ ਹਾਜਰ ਸਨ।